ਸਵੀਡਨ ਨੇ ਵੀ ਐਸਟਰਾਜੇਨੇਕਾ ਦੇ ਕੋਵਿਡ-19 ਟੀਕੇ ਦੀ ਵਰਤੋਂ ਕੀਤੀ ਬੰਦ
Tuesday, Mar 16, 2021 - 05:19 PM (IST)
ਬਰਲਿਨ (ਭਾਸ਼ਾ) : ਯੂਰਪੀ ਦੇਸ਼ ਸਵੀਡਨ ਨੇ ਵੀ ਮੰਗਲਵਾਰ ਤੋਂ ਦੇਸ਼ ਵਿਚ ਐਸਟਰਾਜੇਨੇਕਾ ਵੱਲੋਂ ਵਿਕਸਿਤ ਕੋਵਿਡ-19 ਟੀਕੇ ਦੀ ਵਰਤੋਂ ਬੰਦ ਕਰ ਦਿੱਤੀ ਹੈ। ਟੀਕਾ ਲਗਵਾਉਣ ਵਾਲੇ ਕੁੱਝ ਲੋਕਾਂ ਵਿਚ ਖ਼ਤਰਨਾਕ ਤਰੀਕੇ ਨਾਲ ਖ਼ੂਨ ਦਾ ਥੱਕਾ ਜੰਮਣ ਦੀਆਂ ਸ਼ਿਕਾਇਤਾਂ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਹਲਾਂਕਿ ਕੰਪਨੀ ਅਤੇ ਅੰਤਰਰਾਸ਼ਟਰੀ ਰੈਗੂਲੇਟਰ ਲਗਾਤਾਰ ਕਹਿ ਰਹੇ ਹਨ ਕਿ ਟੀਕਾ ਸੁਰੱਖਿਅਤ ਹੈ ਅਤੇ ਦੁਨੀਆ ਵਿਚ ਕਈ ਹੋਰ ਦੇਸ਼ਾਂ ਨੇ ਇਸੇ ਟੀਕੇ ਨਾਲ ਟੀਕਾਕਰਨ ਮੁਹਿੰਮ ਜਾਰੀ ਰੱਖੀ ਹੋਈ ਹੈ। ਸਵੀਡਿਸ਼ ਪਬਲਿਕ ਹੈਲਥ ਏਜੰਸੀ ਨੇ ਟੀਕੇ ਦੀ ਵਰਤੋਂ ਨੂੰ ਯੂਰਪੀ ਮੈਡੀਸਿਨ ਏਜੰਸੀ ਦੀ ਜਾਂਚ ਪੂਰੀ ਹੋਣ ਤੱਕ ਬੰਦ ਕਰ ਦਿੱਤਾ ਹੈ। ਸਵੀਡਨ ਦੇ ਮੁੱਖ ਮਹਾਮਾਰੀ ਮਾਹਰ ਐਂਡਰੇਸ ਗਨੇਲ ਵੱਲੋਂ ਜਾਰੀ ਬਿਆਨ ਮੁਤਾਬਕ, ‘ਇਹ ਫ਼ੈਸਲਾ ਸਾਵਧਾਨੀ ਕਦਮ ਦੇ ਰੂਪ ਵਿਚ ਲਿਆ ਗਿਆ ਹੈ।’
ਸਵੀਡਨ ਦੇ ਇਲਾਵਾ ਜਰਮਨੀ, ਫਰਾਂਸ, ਇਟਲੀ, ਆਇਰਲੈਂਡ ਅਤੇ ਸਪੇਨ ਨੇ ਸੋਮਵਾਰ ਨੂੰ ਟੀਕੇ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਸੀ । ਜਰਮਨੀ ਦਾ ਕਹਿਣਾ ਹੈ ਕਿ ਉਹ ਮੈਡੀਸਿਨ ਏਜੰਸੀ ਦੀ ਵੀਰਵਾਰ ਨੂੰ ਹੋਣ ਵਾਲੀ ਬੈਠਕ ਦਾ ਇੰਤਜ਼ਾਰ ਕਰ ਰਿਹਾ ਹੈ।