ਪਾਕਿਸਤਾਨ ''ਚ ਕ੍ਰਿਸ਼ਚੀਅਨ ਪਤੀ-ਪਤਨੀ ਦੀ ਸ਼ੱਕੀ ਹਾਲਾਤ ''ਚ ਮੌਤ

08/22/2019 7:05:57 PM

ਗੁਰਦਾਸਪੁਰ/ਕਰਾਚੀ (ਵਿਨੋਦ)— ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਕਾਲਾਪੁਲ ਕਾਲੋਨੀ ਵਿਚ ਇਕ ਕ੍ਰਿਸ਼ਚੀਅਨ ਪਤੀ-ਪਤਨੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਪਤੀ-ਪਤਨੀ ਨੇ ਲਗਭਗ ਇਕ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ। ਮ੍ਰਿਤਕ ਪਤੀ ਸਰੀਫ ਮਸੀਹ ਦਾ ਇਹ ਪਹਿਲਾ ਵਿਆਹ ਸੀ, ਜਦਕਿ ਉਸ ਦੀ ਪਤਨੀ ਈਰਮ ਦਾ ਦੂਜਾ ਵਿਆਹ ਸੀ ਕਿਉਂਕਿ ਉਸ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਸੀ। ਮਰਨ ਵਾਲੀ ਮਹਿਲਾ ਈਰਮ ਦੇ ਪਹਿਲੇ ਵਿਆਹ ਦੇ ਦੋ ਬੱਚੇ ਵੀ ਸਨ, ਜੋ ਈਰਮ ਦੇ ਨਾਲ ਹੀ ਰਹਿੰਦੇ ਸੀ। ਡਾਕਟਰਾਂ ਅਨੁਸਾਰ ਪਤਨੀ ਦੀ ਰੱਸੇ ਨਾਲ ਗਲਾ ਦਬਾ ਕੇ ਹੱਤਿਆ ਕੀਤੀ ਗਈ ਹੈ, ਜਦਕਿ ਪਤੀ ਨੇ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਅੱਜ ਸਵੇਰੇ ਕਰਾਚੀ ਦੇ ਮੁਹੱਲਾ ਕਾਲਾਪੁਲ ਦੇ ਕੋਲ ਇਕ ਘਰ ਵਿਚ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਜਦ ਲੋਕਾਂ ਨੇ ਜਾ ਕੇ ਵੇਖਿਆ ਤਾਂ ਘਰ ਵਿਚ ਰਹਿਣ ਵਾਲੇ ਵਿਅਕਤੀ ਸਰੀਫ ਮਸੀਹ ਦੀ ਲਾਸ਼ ਪੱਖੇ ਦੇ ਨਾਲ ਲਟਕੀ ਹੋਈ ਸੀ, ਜਦਕਿ ਉਸ ਦੀ ਪਤਨੀ ਈਰਮ ਮਸੀਹ ਜ਼ਮੀਨ 'ਤੇ ਮਰੀ ਪਈ ਸੀ। ਬੱਚਿਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਕਿਸੇ ਨਾ ਕਿਸੇ ਗੱਲ 'ਤੇ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਨੂੰ ਸ਼ੱਕ ਹੈ ਕਿ ਸਰੀਫ ਮਸੀਹ ਨੇ ਪਹਿਲਾਂ ਆਪਣੀ ਪਤਨੀ ਦੀ ਰੱਸੀ ਨਾਲ ਗਲਾ ਦਬਾ ਕੇ ਹੱਤਿਆ ਕੀਤੀ ਅਤੇ ਬਾਅਦ ਵਿਚ ਉਸੇ ਰੱਸੀ ਨਾਲ ਫੰਦਾ ਲਾ ਕੇ ਆਤਮ-ਹੱਤਿਆ ਕਰ ਲਈ।


Baljit Singh

Content Editor

Related News