ਮੈਲਬੌਰਨ ''ਚ ਪੰਜਾਬੀ ਨਾਟਕ ''ਫਰੰਗੀਆਂ ਦੀ ਨੂੰਹ'' ਦੀ ਸਫ਼ਲ ਪੇਸ਼ਕਾਰੀ
Monday, Oct 03, 2022 - 12:13 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਦੇ ਵੈਰੀਬੀ ਅਤੇ ਹੈਂਪਟਨ ਪਾਰਕ ਇਲਾਕੇ ਵਿੱਚ ਬੀਤੇ ਦਿਨੀਂ ਪੰਜਾਬੀ ਨਾਟਕ 'ਫਰੰਗੀਆਂ ਦੀ ਨੂੰਹ' ਦਾ ਸਫ਼ਲ ਮੰਚਨ ਕੀਤਾ ਗਿਆ। ਇਹ ਨਾਟਕ ਇੰਗਲੈਂਡ ਦੀ ਕਹਾਣੀਕਾਰ ਵੀਨਾ ਵਰਮਾ ਦੀ ਕਹਾਣੀ 'ਤੇ ਅਧਾਰਿਤ ਸੀ, ਜਿਸ ਦਾ ਨਿਰਦੇਸ਼ਨ ਰਮਾ ਸੇਖੋਂ ਵੱਲੋਂ ਕੀਤਾ ਗਿਆ। ਨਾਟਕ ਵਿੱਚ ਆਸਟ੍ਰੇਲੀਅਨ ਸਮਾਜ ਵਿੱਚ ਵਾਪਰਦੇ ਘਰੇਲੂ ਝਗੜਿਆਂ ਦੇ ਕਾਰਨ ਅਤੇ ਸਮਾਜਿਕ ਮਸਲਿਆਂ 'ਤੇ ਤਿੱਖੇ ਵਿਅੰਗ ਦਰਸਾਏ ਗਏ ਸਨ। ਇਸ ਨਾਟਕ ਦੇ ਗੀਤ ਰਮਾ ਸੇਖੋਂ ਵੱਲੋਂ ਲਿਖੇ ਗਏ ਸਨ ਅਤੇ ਗਾਉਣ ਦੀ ਜ਼ਿੰਮੇਵਾਰੀ ਸੁਮਿਤ ਢਿੱਲੋਂ ਨੇ ਨਿਭਾਈ ਤੇ ਇਨ੍ਹਾਂ ਗੀਤਾਂ ਨੂੰ ਸੰਗੀਤਕ ਧੁਨਾਂ ਨਾਲ ਗਗਨ ਵਡਾਲੀ ਨੇ ਸ਼ਿੰਗਾਰਿਆ ਸੀ। ਸਲਾਹਕਾਰ ਵਜੋਂ ਮਨਦੀਪ ਰੰਧਾਵਾ ਦਾ ਸਾਥ ਬਰਕਰਾਰ ਰਿਹਾ। ਇਹ ਨਾਟਕ ਸਫ਼ਲ ਹੋ ਨਿਬੜਿਆ, ਜਿਸ ਵਿੱਚ ਸਤਾਰਾਂ ਤੋਂ ਵੱਧ ਕਲਾਕਾਰਾਂ ਨੇ ਭਾਗ ਲਿਆ।
ਆਸਟਰੇਲੀਅਨ ਲੋਕਾਂ ਲਈ ਇਸ ਨਾਟਕ ਦੀ ਪੇਸ਼ਕਾਰੀ ਇਕ ਬਿਲਕੁਲ ਵੱਖਰੀ ਵੰਨਗੀ ਸੀ, ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੇ ਖੂਬ ਸਰਾਹਿਆ ਅਤੇ ਆਨੰਦ ਮਾਣਿਆ। ਇਸ ਨਾਟਕ ਦੀ ਪ੍ਰਮੁੱਖ ਅਦਾਕਾਰਾ ਰਮਾ ਸੇਖੋਂ ਨੇ ਦੱਸਿਆ ਕਿ ਇਸ ਨਾਟਕ ਦੀ ਤਿਆਰੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਸੀ ਤੇ ਸਮੂਹ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ ਹੈ। ਸਮੁੱਚੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।