ਇਸ ਦੇਸ਼ ''ਚ ''ਬਿੱਛੂਆਂ'' ਦੀ ਫ਼ੌਜ ਦਾ ਹਮਲਾ, 3 ਲੋਕਾਂ ਦੀ ਮੌਤ ਤੇ 500 ਜ਼ਖਮੀ (ਵੀਡੀਓ)

Monday, Nov 15, 2021 - 11:58 AM (IST)

ਕਾਹਿਰਾ (ਬਿਊਰੋ): ਮਿਸਰ ਦੇ ਦੱਖਣੀ ਖੇਤਰ 'ਚ ਸਥਿਤ ਅਸਵਾਨ ਸ਼ਹਿਰ 'ਚ ਭਾਰੀ ਤੂਫਾਨ ਤੋਂ ਬਾਅਦ ਬਿੱਛੂਆਂ ਦੀ ਫ਼ੌਜ ਬਾਹਰ ਆ ਗਈ ਅਤੇ ਉਸ ਨੇ ਸਥਾਨਕ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਭਿਆਨਕ ਹਮਲੇ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਹੋਰ ਜ਼ਖਮੀ ਹੋ ਗਏ ਹਨ। ਹਾਲਾਤ ਇਹ ਹਨ ਕਿ ਦੁਨੀਆ ਦੇ ਇਹ ਸਭ ਤੋਂ ਖਤਰਨਾਕ ਬਿੱਛੂ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਏ ਹਨ। ਇਹ ਹਮਲੇ ਗਵਰਨਰ ਦਫ਼ਤਰ ਦੇ ਨੇੜੇ ਪਹਾੜੀ ਇਲਾਕੇ ਵਿੱਚ ਵੀ ਹੋਏ। ਇਸ ਤਬਾਹੀ ਦੇ ਮੱਦੇਨਜ਼ਰ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਮਿਸਰ ਦੇ ਸਿਹਤ ਮੰਤਰਾਲੇ ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਬਿੱਛੂ ਦੇ ਕੱਟਣ ਤੋਂ ਬਾਅਦ ਅਸਵਾਨ ਯੂਨੀਵਰਸਿਟੀ ਵਿੱਚ 89 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇੰਨਾ ਹੀ ਨਹੀਂ ਸ਼ਹਿਰ ਦੇ ਹੋਰ ਹਸਪਤਾਲਾਂ ਵਿੱਚ ਸੈਂਕੜੇ ਲੋਕ ਜ਼ੇਰੇ ਇਲਾਜ ਹਨ। ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਛੁੱਟੀ 'ਤੇ ਗਏ ਡਾਕਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਸਾਰੇ ਹਸਪਤਾਲਾਂ ਨੂੰ ਐਂਟੀ-ਸਕਾਰਪੀਅਨ ਜ਼ਹਿਰ ਵਾਲੀ ਦਵਾਈ ਸਪਲਾਈ ਕੀਤੀ ਗਈ ਹੈ।

 

ਪੜ੍ਹੋ ਇਹ ਅਹਿਮ ਖਬਰ- ਹਿਊਸਟਨ ਦੇ ਸੰਗੀਤ ਸਮਾਰੋਹ 'ਚ ਭਗਦੜ 'ਚ ਜ਼ਖਮੀ ਹੋਏ ਬੱਚੇ ਦੀ ਮੌਤ 

ਦੁਨੀਆ ਵਿਚ ਸਭ ਤੋਂ ਖਤਰਨਾਕ ਹਨ ਮਿਸਰ ਦੇ ਬਿੱਛੂ
ਸ਼ੁੱਕਰਵਾਰ ਨੂੰ ਅਸਵਾਨ ਦੇ ਗਵਰਨਰ ਅਸ਼ਰਫ ਅੱਤੀਆ ਨੇ ਨੀਲ ਨਦੀ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਸ਼ਹਿਰ ਦੇ ਆਲੇ-ਦੁਆਲੇ ਆਉਣ ਤੋਂ ਰੋਕ ਦਿੱਤਾ ਸੀ। ਬਿੱਛੂ ਦੇ ਕੱਟਣ ਕਾਰਨ ਲੋਕਾਂ ਦੀ ਨਜ਼ਰ ਧੁੰਦਲੀ ਹੋ ਗਈ ਹੈ, ਜਿਸ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ 'ਤੇ ਆਵਾਜਾਈ ਠੱਪ ਹੋ ਗਈ ਹੈ। ਹਾਲਾਂਕਿ, ਸੜਕ ਅਤੇ ਜਹਾਜ਼ ਦੀ ਆਵਾਜਾਈ ਸ਼ਨੀਵਾਰ ਨੂੰ ਮੁੜ ਸ਼ੁਰੂ ਹੋ ਗਈ। ਸਥਾਨਕ ਲੋਕਾਂ ਨੂੰ ਆਪਣੇ ਘਰਾਂ ਅਤੇ ਰੁੱਖਾਂ ਨਾਲ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਦੂਜੇ ਪਾਸੇ ਭਾਰੀ ਮੀਂਹ, ਤੂਫ਼ਾਨ ਅਤੇ ਦੁਰਲੱਭ ਬਰਫ਼ਬਾਰੀ ਕਾਰਨ ਇਸ ਖੇਤਰ ਵਿੱਚ ਹੜ੍ਹਾਂ ਦੀ ਸੰਭਾਵਨਾ ਵੱਧ ਰਹੀ ਹੈ। ਮਿਸਰ ਦੇ ਬਿੱਛੂ ਦੁਨੀਆ ਵਿਚ ਸਭ ਤੋਂ ਖਤਰਨਾਕ ਮੰਨੇ ਜਾਂਦੇ ਹਨ। ਇਹਨਾਂ ਦੀਆਂ ਪੂਛਾਂ ਕਾਫ਼ੀ ਮੋਟੀਆਂ ਅਤੇ ਕਾਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਡੰਗ ਜਾਨਲੇਵਾ ਸਿੱਧ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਬਿੱਛੂ ਦੇ ਡੰਗ ਦਾ ਇਕ ਘੰਟੇ ਦੇ ਅੰਦਰ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦਰਦ ਨਾਲ ਤੜਫ-ਤੜਫ ਕੇ ਮਰ ਜਾਂਦਾ ਹੈ। ਇਸ ਦੇ ਕੱਟਣ 'ਤੇ ਮਨੁੱਖ ਦਾ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਸਾਹ ਵੀ ਨਹੀਂ ਲੈ ਪਾਉਂਦਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News