ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਨੂੰ ਲੈ ਕੇ ਫਜ਼ੂਲ ਗੱਲਾਂ ਬੰਦ ਕਰੇ ਦੱ. ਕੋਰੀਆ : ਉੱਤਰੀ ਕੋਰੀਆ
Sunday, Jun 14, 2020 - 12:58 AM (IST)
ਸਿਓਲ - ਉੱਤਰ ਕੋਰੀਆ ਨੇ ਸ਼ਨੀਵਾਰ ਨੂੰ ਦੱਖਣੀ ਕੋਰੀਆ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਅਮਰੀਕਾ ਅਤੇ ਉੱਤਰ ਕੋਰੀਆ ਵਿਚਾਲੇ ਹੋਣ ਵਾਲੀ ਪ੍ਰਮਾਣੂ ਵਾਰਤਾ ਵਿਚ ਹਿੱਸੇਦਾਰ ਬਣਨ ਦੀ ਕੋਸ਼ਿਸ਼ ਨਾ ਕਰੇ। ਉੱਤਰੀ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦੇ ਆਈਡਿਆ ਨੂੰ ਵੀ ਖਾਰਿਜ਼ ਕੀਤਾ ਹੈ ਅਤੇ ਇਸ ਨੂੰ ਫਜ਼ੂਲ ਦੀ ਗੱਲਬਾਤ ਕਰਾਰ ਦਿੱਤਾ ਹੈ।
ਕੋਰੀਅਨ ਸੈਂਟ੍ਰਲ ਨਿਊਜ਼ ਏਜੰਸੀ ਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਅਮਰੀਕੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਕੋਨ ਜੋਂਗ ਦੇ ਹਵਾਲੇ ਤੋਂ ਇਹ ਗੱਲਾਂ ਕਹੀਆਂ ਹਨ। ਏਜੰਸੀ ਦੀ ਰਿਪੋਰਟ ਮੁਤਾਬਕ ਕੋਨ ਨੇ ਸਾਫ ਕਿਹਾ ਹੈ ਕਿ ਉੱਤਰੀ ਕੋਰੀਆ ਖਤਰਿਆਂ ਨਾਲ ਨਜਿੱਠਣ ਲਈ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀਆਂ ਗਤੀਵਿਧੀਆਂ ਜਾਰੀ ਰੱਖੇਗਾ। ਕੋਨ ਦਾ ਇਹ ਬਿਆਨ ਦੱਖਣੀ ਕੋਰੀਆ ਦੀ ਫੌਜ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਦੱਖਣੀ ਕੋਰੀਆ ਦੀ ਸਰਕਾਰ ਅਮਰੀਕਾ-ਉੱਤਰੀ ਕੋਰੀਆ ਵਿਚਾਲੇ ਵਾਰਤਾ ਅਤੇ ਅੰਤਰ-ਕੋਰੀਆਈ ਸਬੰਧਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਯਤਨ ਕਰੇਗੀ ਅਤੇ ਇਸ ਦਾ ਉਦੇਸ਼ ਕੋਰੀਆਈ ਪ੍ਰਾਇਦੀਪ ਦਾ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨਾ ਹੋਵੇਗਾ।