ਕੈਨੇਡਾ : ਸਟੀਫਨ ਮੰਡੇਲ ਬਣੇ 'ਅਲਬਰਟਾ ਪਾਰਟੀ' ਦੇ ਨਵੇਂ ਨੇਤਾ

02/28/2018 3:13:52 PM

ਅਲਬਰਟਾ,(ਰਾਜੀਵ ਸ਼ਰਮਾ)— ਕੈਨੇਡਾ ਦੇ ਸੂਬੇ ਅਲਬਰਟਾ ਦੀ ਸਿਆਸਤ 'ਚ ਕੁੱਝ ਬਦਲਾਅ ਦੇਖਣ ਨੂੰ ਮਿਲਿਆ ਹੈ। ਇੱਥੇ 'ਅਲਬਰਟਾ ਪਾਰਟੀ' ਲਈ ਸਟੀਫਨ ਮੰਡੇਲ ਨੂੰ ਨਵਾਂ ਨੇਤਾ ਚੁਣਿਆ ਗਿਆ ਹੈ। ਉਹ ਐਡਮਿੰਟਨ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਹੁਣ ਉਹ ਕੈਲਗਰੀ-ਐੱਲਬੋਅ ਦੇ ਐੱਮ. ਐੱਲ. ਏ. ਗ੍ਰੈੱਗ ਕਲਾਰਕ ਦੀ ਥਾਂ ਲੈਣਗੇ।  ਮੰਡੇਲ ਨੂੰ 66 ਫੀਸਦੀ ਵੋਟਾਂ ਮਿਲੀਆਂ ਹਨ। ਇਸ ਦੌੜ 'ਚ ਕੈਲਗਰੀ ਦੀ ਵਕੀਲ ਕਾਰਾ ਲੇਵਿਸ ਅਤੇ ਕੈਲਗਰੀ-ਸਾਊਥ ਈਸਟ ਦੇ ਐੱਮ. ਐੱਲ. ਏ. ਰਿਕ ਫਰੇਸਰ ਵੀ ਸ਼ਾਮਲ ਸਨ। ਲੇਵਿਸ ਨੂੰ ਕੁੱਲ 18 ਫੀਸਦੀ ਅਤੇ ਫਰੇਸਰ ਨੂੰ 16 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ। 
ਮੰਡੇਲ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਯੋਜਨਾ 2019 ਦੀਆਂ ਸੂਬਾਈ ਚੋਣਾਂ ਨੂੰ ਜਿੱਤਣ ਦੀ ਹੈ। ਲੇਵਿਸ ਅਤੇ ਫਰੇਸਰ ਵੀ 2019 ਦੀਆਂ ਚੋਣਾਂ ਲਈ ਲੜਨਾ ਚਾਹੁੰਦੇ ਹਨ। ਮੈਡਮ ਲੇਵਿਸ ਨੇ ਕਿਹਾ ਕਿ ਉਸ ਨੂੰ  ਮੰਡੇਲ ਦੀ ਜਿੱਤ ਨਾਲ ਕੋਈ ਹੈਰਾਨੀ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਮੰਡੇਲ ਦੀ ਜਿੱਤ ਪਿੱਛੇ ਉਸ ਦੀ ਪੂਰੀ ਟੀਮ ਦੀ ਮਿਹਨਤ ਦਾ ਵੀ ਹੱਥ ਹੈ।  ਫਰੇਸਰ ਨੇ ਕਿਹਾ ਕਿ ਉਸ ਨੂੰ ਹਾਰ ਨਾਲ ਥੋੜਾ ਦੁੱਖ ਜ਼ਰੂਰ ਹੋਇਆ ਹੈ ਪਰ ਇਸ ਹਾਰ ਤੋਂ ਉਸ ਨੇ ਬਹੁਤ ਕੁੱਝ ਸਿੱਖਿਆ ਹੈ। 
ਤੁਹਾਨੂੰ ਦੱਸ ਦਈਏ ਕਿ ਦੋ ਕੁ ਦਿਨ ਪਹਿਲਾਂ ਹੀ ਆਨਲਾਈਨ ਵੋਟਾਂ ਹੋਈਆਂ ਸਨ, ਜਿਸ ਦਾ ਨਤੀਜਾ ਹੁਣ ਸਾਹਮਣੇ ਆਇਆ ਹੈ। ਮਾਰਚ, 2017 ਤਕ ਇਸ ਪਾਰਟੀ 'ਚ ਸਿਰਫ 1,024 ਮੈਂਬਰ ਹੀ ਸਨ ਅਤੇ 12 ਫਰਵਰੀ ਤਕ ਇਸ ਦੇ ਮੈਂਬਰਾਂ ਦੀ ਗਿਣਤੀ ਵਧ ਕੇ 6543 ਤਕ ਪੁੱਜ ਗਈ ਹੈ।


Related News