ਲੋਕ ਸਭਾ ਚੋਣਾਂ ''ਚ 9 ਮੰਤਰੀਆਂ ਦੇ ਹਲਕਿਆਂ ''ਚ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ

Wednesday, Jun 05, 2024 - 06:24 PM (IST)

ਲੋਕ ਸਭਾ ਚੋਣਾਂ ''ਚ 9 ਮੰਤਰੀਆਂ ਦੇ ਹਲਕਿਆਂ ''ਚ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ

ਜਲੰਧਰ : ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ। 13-0 ਮਿਸ਼ਨ ਲੈ ਕੇ ਸਾਰੀਆਂ ਸੀਟਾਂ 'ਤੇ ਪੰਜ ਮੰਤਰੀਆਂ ਤੇ ਤਿੰਨ ਵਿਧਾਇਕਾਂ ਸਮੇਤ ਉਤਰੀ ਪਾਰਟੀ ਸਿਰਫ 3 ਸੀਟਾਂ 'ਤੇ ਹੀ ਸੂੰਗੜ ਕੇ ਰਹਿ ਗਈ ਹੈ ਜਦਕਿ ਪਾਰਟੀ ਦੇ 5 ਮੰਤਰੀਆਂ ਵਿਚੋਂ 4 ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿੱਤਣ ਵਾਲਿਆਂ ਵਿਚ ਮੰਤਰੀ ਮੀਤ ਹੇਅਰ ਸੰਗਰੂਰ, ਹੁਸ਼ਿਆਰਪੁਰ ਵਿਚ ਰਾਜ ਕੁਮਾਰ ਚੱਬੇਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਹਨ। ਆਲਮ ਇਹ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀਆਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ 9 ਮੰਤਰੀਆਂ ਦੇ ਹਲਕਿਆਂ ਵਿਚ ਬੁਰੀ ਤਰ੍ਹਾਂ ਹਾਰ ਗਈ ਹੈ। ਪਾਰਟੀ ਨੂੰ ਮੰਤਰੀ ਬਲਕਾਰ ਸਿੰਘ, ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜਿੰਪਾ, ਲਾਲਜੀਤ ਸਿੰਘ ਭੁੱਲਰ, ਗੁਰਮੀਤ ਸਿੰਘ ਖੁੱਡੀਆਂ, ਡਾ. ਬਲਜੀਤ ਕੌਰ, ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਹਲਕਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

PunjabKesari

ਪਟਿਆਲਾ 'ਚ 9 'ਚੋਂ 4 ਵਿਧਾਨ ਸਭਾ ਹਲਕੇ ਜਿੱਤ ਕੇ ਵੀ ਹਾਰ ਗਏ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਲੋਕ ਸਭਾ ਹਲਕੇ ’ਚ ਜਿੱਤ ਕੇ ਵੀ ਹਾਰ ਗਏ ਹਨ। ਪਟਿਆਲਾ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਨ੍ਹਾਂ 9 ’ਚੋਂ 4 ਵਿਧਾਨ ਸਭਾ ਹਲਕਿਆਂ ’ਚ ਡਾ. ਬਲਬੀਰ ਸਿੰਘ ਜੇਤੂ ਰਹੇ ਪਰ ਇਸ ਦੇ ਬਾਵਜੂਦ ਹਾਰ ਗਏ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜੇ ਇਹ ਸਪੱਸ਼ਟ ਕਰ ਰਹੇ ਹਨ ਕਿ ਡਾ. ਬਲਬੀਰ ਸਿੰਘ ਆਪਣੇ ਜੱਦੀ ਹਲਕੇ ਪਟਿਆਲਾ ਦਿਹਾਤੀ ਤੋਂ 37 ਹਜ਼ਾਰ 446 ਵੋਟਾਂ ਲੈ ਗਏ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ 34 ਹਜ਼ਾਰ 985 ਵੋਟਾਂ ਪਈਆਂ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਇਸ ਹਲਕੇ ’ਚੋਂ 30 ਹਜ਼ਾਰ 320 ਵੋਟਾਂ ਪਈਆ, ਜਦੋਂ ਕਿ ਅਕਾਲੀ ਦਲ ਨੂੰ 15 ਹਜ਼ਾਰ 182 ਵੋਟਾਂ ’ਤੇ ਸਬਰ ਕਰਨਾ ਪਿਆ। ਇਸ ਤਰ੍ਹਾਂ ਡਾ. ਬਲਬੀਰ ਸਿੰਘ ਆਪਣੇ ਜੱਦੀ ਹਲਕੇ ਤੋਂ 2461 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਗਏ। ਪਟਿਆਲਾ ਲੋਕ ਸਭਾ ਹਲਕੇ ਦੇ ਦੂਸਰੇ ਸ਼ੁਤਰਾਣਾ ਹਲਕਾ ਤੋਂ ਡਾ. ਬਲਬੀਰ ਸਿੰਘ 5146 ਵੋਟਾਂ ਨਾਲ ਜਿੱਤੇ। ਇਸ ਹਲਕੇ ਤੋਂ ਡਾ. ਬਲਬੀਰ ਸਿੰਘ ਨੂੰ 34499 ਵੋਟਾਂ ਪਈਆਂ, ਜਦੋਂ ਕਿ ਡਾ. ਧਰਮਵੀਰ ਗਾਂਧੀ ਨੂੰ 27353 ਵੋਟਾਂ ਪਈਆਂ, ਮਹਾਰਾਣੀ ਪ੍ਰਨੀਤ ਕੌਰ ਨੂੰ 24501 ਵੋਟ ਪਈ। ਜਦੋਂ ਕਿ ਅਕਾਲੀ ਦਲ ਨੂੰ ਇਸ ਹਲਕੇ ’ਚ 14 ਹਜ਼ਾਰ 118 ਵੋਟਾਂ ਪਈਆਂ। ਤੀਸਰੇ ਵਿਧਾਨ ਸਭਾ ਹਲਕਾ ਸਨੌਰ ਤੋਂ ਡਾ. ਬਲਬੀਰ ਸਿੰਘ 5202 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਕੇ ਗਏ। ਉਨ੍ਹਾਂ ਨੂੰ ਸਨੌਰ ਹਲਕੇ ਤੋਂ 43048 ਵੋਟਾਂ ਪਈਆਂ। ਜਦੋਂ ਕਿ ਡਾ. ਧਰਮਵੀਰ ਗਾਂਧੀ ਨੂੰ 37846 ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ 25670 ਵੋਟਾਂ ਨਾਲ ਸਫਰ ਕਰਨਾ ਪਿਆ। ਐੱਨ. ਕੇ. ਸ਼ਰਮਾ ਨੂੰ 19 ਹਜ਼ਾਰ 497 ਵੋਟਾਂ ਇਸ ਹਲਕੇ ’ਚ ਪਈਆਂ। ਡਾ. ਬਲਬੀਰ ਸਿੰਘ ਚੌਥੇ ਵਿਧਾਨ ਸਭਾ ਹਲਕਾ ਸਮਾਣਾ ਤੋਂ 7204 ਵੋਟਾਂ ਨਾਲ ਜੇਤੂ ਰਹੇ। ਇਸ ਹਲਕੇ ਤੋਂ ਡਾ. ਬਲਬੀਰ ਸਿੰਘ ਨੂੰ 3141 ਵੋਟ ਪਈ, ਜਦੋਂ ਕਿ ਡਾ. ਧਰਮਵੀਰ ਗਾਂਧੀ ਨੂੰ 28937 ਵੋਟ ਪਈ ਅਤੇ ਪ੍ਰਨੀਤ ਕੌਰ ਨੂੰ 26387 ਵੋਟਾਂ ਪਈਆਂ। ਐੱਨ. ਕੇ. ਸ਼ਰਮਾ ਨੂੰ 17871 ਵੋਟਾਂ ਪਈਆਂ।

PunjabKesari

ਜਲੰਧਰ ਜ਼ਿਲ੍ਹੇ 'ਚ ਇਕ ਮੰਤਰੀ ਅਤੇ ਤਿੰਨ ਵਿਧਾਇਕਾਂ ਦੇ ਬਾਵਜੂਦ ਹਾਰੀ 'ਆਪ'

ਜਲੰਧਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਹੀ 'ਆਪ' ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦੇ ਚਾਰ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਵਿਧਾਇਕ ਹੋਣ ਦੇ ਬਾਵਜੂਦ ਆਪਣੇ ਹਲਕੇ ਵੀ ਨਹੀਂ ਬਚਾ ਸਕੇ ਹਨ ਜਦਕਿ 5 ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਹਨ। ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਵਿਧਾਇਕ ਹਨ ਅਤੇ ਇਨ੍ਹਾਂ ਦੇ ਹਲਕੇ ਵਿਚ 'ਆਪ' ਨੂੰ ਸਿਰਫ਼ 18528 ਵੋਟਾਂ ਮਿਲੀਆਂ ਹਨ। ਨਕੋਦਰ ਹਲਕੇ ਵਿਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਆਪਣਾ ਹਲਕਾ ਨਹੀਂ ਬਚਾ ਸਕੇ ਹਨ। ਇਥੋਂ 'ਆਪ' ਨੂੰ 23201 ਵੋਟਾਂ ਮਿਲੀਆਂ ਹਨ। ਕਰਤਾਰਪੁਰ ਹਲਕੇ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵਿਧਾਇਕ ਹਨ ਅਤੇ ਆਪ ਪਾਰਟੀ ਨੂੰ 29106 ਵੋਟਾਂ ਮਿਲੀਆਂ ਹਨ। ਹਾਲ ਹੀ ਵਿਚ ਭਾਜਪਾ ਵਿਚ ਗਏ ਸ਼ੀਤਲ ਅੰਗੁਰਾਲ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਰਹੇ ਹਨ। ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 15629 ਵੋਟਾਂ ਹਾਸਲ ਹੋਈਆਂ ਹਨ। ਇਨ੍ਹਾਂ ਚਾਰੋਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ 'ਆਪ' ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਹਲਕੇ ਤੋਂ ਪਈਆਂ ਹਨ। ਸ਼ਾਹਕੋਟ ਹਲਕੇ ਤੋਂ 'ਆਪ' ਸਿਰਫ਼ 13499 ਵੋਟਾਂ ਹੀ ਹਾਸਲ ਹੋ ਸਕੀਆਂ ਹਨ। ਉਥੇ ਹੀ 5 ਹਲਕੇ ਜਲੰਧਰ ਉੱਤਰੀ ਵਿਚ ਅਵਤਾਰ ਜੂਨੀਅਰ (ਕਾਂਗਰਸ), ਜਲੰਧਰ ਕੈਂਟ  ਵਿਚ ਪਰਗਟ ਸਿੰਘ (ਕਾਂਗਰਸ), ਫਿਲੌਰ ਵਿਚ ਵਿਕਰਮਜੀਤ ਸਿੰਘ ਚੌਧਰੀ (ਕਾਂਗਰਸ), ਸ਼ਾਹਕੋਟ ਹਰਦੇਵ ਸਿੰਘ ਲਾਡੀ (ਕਾਂਗਰਸ) ਅਤੇ ਆਦਮਪੁਰ ਵਿਚ ਸੁਖਵਿੰਦਰ ਸਿੰਘ ਕੋਟਲੀ ਕਾਂਗਰਸ ਦੇ ਵਿਧਾਇਕ ਹਨ।

PunjabKesari

ਮੰਤਰੀ ਅਨਮੋਲ ਗਗਨ ਮਾਨ ਦੇ ਹਲਕੇ 'ਚ ਹਾਰੀ 'ਆਪ'

ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਜੇਤੂ ਰਹੇ ਹਨ, ਪਰ ਮੰਤਰੀ ਅਨਮੋਲ ਗਗਨ ਮਾਨ ਦੇ ਵਿਧਾਨ ਸਭਾ ਹਲਕੇ ਖਰੜ ਅਤੇ ਮੋਹਾਲੀ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿਘ ਸਿੰਗਲਾ ਦੀ ਲੀਡ ਰਹੀ। ਖਰੜ ਹਾਲਕੇ ’ਚ ਜਿੱਥੇ ਕਾਂਗਰਸੀ ਉਮੀਦਵਾਰ ਨੂੰ 5639 ਵੋਟਾਂ ਦੀ ਲੀਡ ਹਾਸਲ ਹੋਈ, ਉੱਥੇ ਮੋਹਾਲੀ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 1093 ਵੋਟਾਂ ਦੀ ਲੀਡ ਮਿਲੀ ਹੈ। ਖਰੜ ਹਲਕੇ ਵਿਚ ਕਾਂਗਰਸੀ ਉਮੀਦਵਾਰ ਵਿਜੈ ਸਿੰਗਲਾ ਨੂੰ 46622, 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ 40983, ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੂੰ 40391 ਅਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 17664 ਵੋਟਾਂ ਹਾਸਲ ਹੋਈਆਂ। ਮੋਹਾਲੀ ਹਲਕੇ ਵਿਚ ਕਾਂਗਰਸੀ ਉਮੀਦਵਾਰ ਵਿਜੈ ਸਿੰਗਲਾ ਨੂੰ 41790, ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ 40697, ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੂੰ 36005 ਅਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 12523 ਵੋਟਾਂ ਮਿਲੀਆਂ ਹਨ।

PunjabKesari

ਫਰੀਦਕੋਟ ਲੋਕ ਸਭਾ ਹਲਕੇ 'ਚ ਪੈਂਦੇ ਮੋਗਾ ਦੇ ਚਾਰੇ ਹਲਕਿਆਂ 'ਚ ਹਾਰੀ 'ਆਪ' 

ਫਰੀਦਕੋਟ ਲੋਕ ਸਭਾ ਸੀਟ 'ਤੇ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਲਮ ਇਹ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ 'ਚ ਪੈਂਦੇ ਮੋਗਾ ਦੇ ਚਾਰੇ ਹਲਕਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ 'ਚ 'ਆਪ' ਬੁਰੀ ਤਰ੍ਹਾਂ ਹਾਰੀ ਹੈ। ਇਨ੍ਹਾਂ ਚਾਰੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ, ਇਸ ਦੇ ਬਾਵਜੂਦ ਉਹ ਪਾਰਟੀ ਦੀ ਸਾਖ ਨਹੀਂ ਬਚਾ ਸਕੇ ਹਨ। ਵਿਧਾਨ ਸਭਾ ਹਲਕਾ ਮੋਗਾ ਤੋਂ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਮੋਗਾ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ 26,589 ਵੋਟਾਂ, ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 19,739 ਵੋਟਾਂ, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ 11,846, ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ 26,051ਵੋਟਾਂ, ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ 28,668 ਵੋਟਾਂ ਪ੍ਰਾਪਤ ਹੋਈਆਂ। ਧਰਮਕੋਟ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 20,332 ਵੋਟਾਂ ਪ੍ਰਾਪਤ ਹੋਈਆਂ। ਭਾਜਪਾ ਦੇ ਉਮੀਦਵਾਰ ਨੂੰ 7,670 ਵੋਟਾਂ ਦੇ ਸਬਰ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ 15, 584 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ 33, 678 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਧਰਮਕੋਟ ਤੋਂ 34, 239 ਵੋਟਾਂ ਨਾਲ ਜੇਤੂ ਰਹੇ। ਬਾਘਾ ਪੁਰਾਣਾ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 12, 324 ਵੋਟਾਂ ਮਿਲੀਆਂ। ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ 8,705 ਵੋਟਾਂ ’ਤੇ ਸਬਰ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ 18, 431 ਵੋਟਾਂ ਪਈਆਂ। ‘ਆਪ’ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ 25,501 ਵੋਟਰਾਂ ਨੇ ਵੋਟਾਂ ਪਾਈਆਂ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ 37,106 ਵੋਟਾਂ ਨਾਲ ਅੱਗੇ ਰਹੇ। ਰਿਜ਼ਰਵ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 16,415 ਵੋਟਰਾਂ ਨੇ ਹੱਕ ’ਚ ਫਤਵਾ ਦਿੱਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ 25, 167 ਵੋਟਾਂ ਹਾਸ਼ਲ ਹੋਈਆਂ। ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ 7,458 ਵੋਟਾਂ ਪ੍ਰਾਪਤ ਹੋਈਆਂ। ਸ੍ਰੋਮਣੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ ਨੂੰ 12, 667 ਵੋਟਾਂ ਦੇ ਸਬਰ ਕਰਨਾ ਪਿਆ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨਿਹਾਲ ਸਿੰਘ ਵਾਲਾ ਹਲਕੇ ਤੋਂ 46, 844 ਵੋਟਾਂ ਨਾਲ ਜੇਤੂ ਰਹੇ।

ਬਠਿੰਡਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ 'ਚ 'ਆਪ' ਦੇ ਵਿਧਾਇਕ ਹੋਣ ਦੇ ਬਾਵਜੂਦ ਹਾਰੇ ਖੁੱਡੀਆਂ

ਕੈਬਨਿਟ ਮੰਤਰੀ ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 54,337 ਵੋਟਾਂ ਦੇ ਵੱਡੇ ਫਰਕ ਨਾਲ ਖੁੱਡੀਆਂ ਹਰਾਇਆ ਅਤੇ ਲਗਾਤਾਰ ਚੌਥੀ ਵਾਰ ਇਥੇ ਜਿੱਤ ਹਾਸਲ ਕੀਤੀ। ਹਾਲਾਂਕਿ ਬਠਿੰਡਾ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਰਾਮਪੁਰਾ ਫੂਲ, ਭੂਚੋ ਮੰਡੀ, ਬਠਿੰਡਾ ਅਰਬਨ, ਬਠਿੰਡਾ ਰੂਰਲ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਕਾਬਜ਼ ਹਨ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਇਥੇ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

9 ਵਿਚੋਂ 8 ਸੀਟਾਂ 'ਤੇ ਆਪਣੇ ਵਿਧਾਇਕ ਹੋਣ ਦੇ ਬਾਵਜੂਦ ਮਿਲੀ ਕਰਾਰੀ ਹਾਰ 

ਲੁਧਿਆਣਾ ਸ਼ਹਿਰ ਦੇ ਮੁੱਦੇ ਚੁੱਕਣ ਦੇ ਮਕਸਦ ਨਾਲ ‘ਆਪ’ ਦੀ ਟਿਕਟ ’ਤੇ ਚੋਣ ਲੜ ਰਹੇ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਸੰਸਦ ਮੈਂਬਰ ਬਣਨ ਦਾ ਸੁਫਨਾ ਅਧੂਰਾ ਰਹਿ ਗਿਆ। 2022 ’ਚ ‘ਆਪ’ ਵੱਲੋਂ ਵਿਧਾਇਕ ਬਣੇ ਪਰਾਸ਼ਰ ਨੂੰ ਇਸ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਰਾਜਾ ਸਿੰਘ ਵੜਿੰਗ ਨੇ 85147 ਵੋਟਾਂ ਨਾਲ ਹਰਾਇਆ, ਜਦਕਿ ਭਾਜਪਾ ਦੇ ਰਵਨੀਤ ਬਿੱਟੂ ਦੂਜੇ ਸਥਾਨ ’ਤੇ ਰਹੇ। ਰਾਜਾ ਵੜਿੰਗ ਨੂੰ 3,22,224 ਵੋਟਾਂ ਮਿਲੀਆਂ, ਜਦਕਿ ਵਿਧਾਇਕ ਪਰਾਸ਼ਰ ਨੂੰ 9 ਹਲਕਿਆਂ ’ਚੋਂ ਪੋਸਟ ਬੈਲਟ ਦੇ 457 ਵੋਟ ਮਿਲਾ ਕੇ ਕੁੱਲ 237077 ਵੋਟਾਂ ਪਈਆਂ। ਉਥੇ ਬਿੱਟੂ ਨੂੰ 3,01,282 ਵੋਟਾਂ ਪਈਆਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣ ਵਿਚ ਸਾਰੇ 9 ਵਿਧਾਨਸਭਾ ਹਲਕਿਆਂ ’ਚੋਂ ਕਿਸੇ ਇਕ ਵਿਚ ਵੀ ਜਿੱਤ ਹਾਸਲ ਨਹੀਂ ਕਰ ਸਕੀ ਅਤੇ ਸਾਰੇ ਹਲਕਿਆਂ ਵਿਚ ਤੀਜੇ ਨੰਬਰ ’ਤੇ ਹੀ ਰਹੀ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ 9 ਵਿਚੋਂ 8 ’ਤੇ ਤਾਂ ਸਾਰੇ ਮੌਜੂਦਾ ਵਿਧਾਇਕ ‘ਆਪ’ ਦੇ ਹੀ ਹਨ, ਜਦਕਿ ਇਕ ਦਾਖਾ ਸੀਟ ’ਤੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹੈ। ਭਾਵੇਂ ਇਸ ਸੀਟ ’ਤੇ ਪਾਰਟੀ ਨੇ ਹਲਕਾ ਇੰਚਾਰਜ ਲਗਾਇਆ ਹੋਇਆ ਹੈ। ਹੁਣ ਨਜ਼ਰ ਜੇਕਰ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ’ਤੇ ਮਾਰੀ ਜਾਵੇ ਤਾਂ 8 ਹਲਕਿਆਂ ਵਿਚ ਆਪ ਦੇ ਹੀ ਵਿਧਾਇਕ ਹਨ ਪਰ ਇਸ ਚੋਣ ਵਿਚ ਪਰਾਸ਼ਰ ਸਮੇਤ ਹੋਰ 7 ਵਿਧਾਇਕ ਅਤੇ ਇਕ ਹਲਕਾ ਇੰਚਾਰਜ ਆਪਣਾ ਹਲਕਾ ਵੀ ਨਹੀਂ ਜਿੱਤ ਸਕੇ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਸਾਨੂੰ 2022 ਵਰਗੇ ਜਾਦੂਈ ਪ੍ਰਦਰਸ਼ਨ ਦੀ ਉਮੀਦ ਸੀ। ਹਲਕਾ ਪੂਰਬੀ ਵਿਚ ‘ਆਪ’ ਨੂੰ 28096 ਕਾਂਗਰਸ ਨੂੰ  41296, ਭਾਜਪਾ ਨੂੰ 50833 ਵੋਟਾਂ ਅਤੇ ਅਕਾਲੀ ਦਲ ਨੂੰ 13395 ਵੋਟਾਂ ਮਿਲੀਆਂ। ਹਲਕਾ ਦੱਖਣੀ ਵਿਚ ਵੀ ਆਮ ਆਦਮੀ ਪੱਛੜ ਗਈ ਜਿਥੇ ‘ਆਪ’ ਨੂੰ 19289, ਕਾਂਗਰਸ ਨੂੰ 32982, ਭਾਜਪਾ ਨੂੰ 37378 ਅਤੇ ਅਕਾਲੀ ਦਲ ਨੂੰ  4939 ਵੋਟਾਂ ਮਿਲੀਆਂ। ਹਲਕਾ ਆਤਮ ਨਗਰ ਵਿਚ ਵੀ ‘ਆਪ’ ਪੱਛੜ ਗਈ ਜਿਥੇ ਪਾਰਟੀ ਨੂੰ 25600, ਕਾਂਗਰਸ 30696, ਭਾਜਪਾ 22753 ਅਤੇ ਅਕਾਲੀ ਦਲ 6060 ਵੋਟਾਂ ਮਿਲੀਆਂ। ਇਸੇ ਤਰ੍ਹਾਂ ਹਲਕਾ ਕੇਂਦਰੀ ਵਿਚ ‘ਆਪ’ ਨੂੰ 20039, ਕਾਂਗਰਸ 24155, ਭਾਜਪਾ 41450 ਅਤੇ ਅਕਾਲੀ ਦਲ ਨੂੰ 4092 ਵੋਟਾਂ ਮਿਲੀਆਂ। ਹਲਕਾ ਪੱਛਮੀ ਵਿਚ ‘ਆਪ’ ਨੂੰ 22461, ਕਾਂਗਰਸ 30889, ਭਾਜਪਾ 45424, ਅਕਾਲੀ ਦਲ ਨੂੰ 5560 ਵੋਟਾਂ ਹਾਸਲ ਹੋਈਆਂ। ਹਲਕਾ ਉਤਰੀ ਵਿਚ ਆਮ ਆਦਮੀ ਪਾਰਟੀ ਦਾ ਪਰਦਰਸ਼ਨ ਬੇਹੱਦ ਕਮਜ਼ੋਰ ਰਿਹਾ, ਜਿਥੇ ‘ਆਪ’ ਨੂੰ 25127 ਕਾਂਗਰਸ 31415, ਭਾਜਪਾ 53725 ਅਤੇ ਅਕਾਲੀ ਦਲ ਨੂੰ 4514 ਮਿਲੀਆਂ। ਹਲਕਾ ਗਿੱਲ ਵਿਚ ‘ਆਪ’ 41520, ਕਾਂਗਰਸ 54981, ਭਾਜਪਾ 30154 ਤੇ ਅਕਾਲੀ ਦਲ ਨੂੰ 16985 ਵੋਟਾਂ ਹਾਸਲ ਹੋਈਆਂ। ਦਾਖਾ ਵਿਚ ‘ਆਪ’ ਨੂੰ 28743, ਕਾਂਗਰਸ 40726, ਭਾਜਪਾ 7072, ਅਕਾਲੀ ਦਲ ਨੂੰ 21776 ਵੋਟਾਂ ਮਿਲੀਆਂ। ਜਗਰਾਓਂ ਵਿਚ ‘ਆਪ’ ਨੂੰ 25745, ਕਾਂਗਰਸ 34734, ਭਾਜਪਾ 12138, ਅਕਾਲੀ ਦਲ ਨੂੰ 12752 ਵੋਟਾਂ ਮਿਲੀਆਂ।


author

Gurminder Singh

Content Editor

Related News