ਸਪੀਕਰ ਦੇ ਨਾਲ ਸਦਨ ਨੂੰ ਮਿਲੇਗਾ ਵਿਰੋਧੀ ਧਿਰ ਦਾ ਨੇਤਾ, ਕੀ ਰਾਹੁਲ ਗਾਂਧੀ ਹੀ ਸੰਭਾਲਣਗੇ ਇਹ ਜ਼ਿੰਮੇਵਾਰੀ!

Monday, Jun 24, 2024 - 10:28 AM (IST)

ਸਪੀਕਰ ਦੇ ਨਾਲ ਸਦਨ ਨੂੰ ਮਿਲੇਗਾ ਵਿਰੋਧੀ ਧਿਰ ਦਾ ਨੇਤਾ, ਕੀ ਰਾਹੁਲ ਗਾਂਧੀ ਹੀ ਸੰਭਾਲਣਗੇ ਇਹ ਜ਼ਿੰਮੇਵਾਰੀ!

ਨੈਸ਼ਨਲ ਡੈਸਕ- ਅੱਜ ਸੋਮਵਾਰ ਤੋਂ ਲੋਕ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ 9 ਦਿਨਾਂ ਤੱਕ ਚੱਲਣ ਵਾਲੇ ਇਸ ਸੈਸ਼ਨ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਦਾ ਇਕ ਨਵਾਂ ਰੂਪ ਦੇਖਣ ਨੂੰ ਮਿਲੇਗਾ। ਸੈਸ਼ਨ ਦੌਰਾਨ ਸਪੀਕਰ ਦੀ ਚੋਣ ਵੀ ਹੋਵੇਗੀ ਅਤੇ ਇਸ ਦੇ ਨਾਲ ਹੀ ਸਦਨ ਨੂੰ ਵਿਰੋਧੀ ਧਿਰ ਦਾ ਨੇਤਾ ਵੀ ਮਿਲੇਗਾ। ਪਿਛਲੀਆਂ ਦੋ ਚੋਣਾਂ ’ਚ ਦੇਸ਼ ਨੂੰ ਬਹੁਤ ਮਜ਼ਬੂਤ ​​ਸਰਕਾਰ ਦੇਣ ਵਾਲੀ ਜਨਤਾ ਨੇ ਇਸ ਵਾਰ ਇਕ ਮਜ਼ਬੂਤ ਵਿਰੋਧੀ ਧਿਰ ਵੀ ਦਿੱਤੀ ਹੈ, ਅਜਿਹਾ ਮੰਨਿਆ ਜਾ ਰਿਹਾ ਸੀ ਕਿ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਸੰਭਾਲਣਗੇ ਪਰ ਫਿਲਹਾਲ ਉਨ੍ਹਾਂ ਨੇ ਇਸ ਬਾਰੇ ਵਿਚਾਰ ਕਰਨ ਦੀ ਗੱਲ ਕਹੀ ਹੈ। ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਹਫਤੇ ਦੇ ਅੰਦਰ ਇਸ ਮਾਮਲੇ ’ਚ ਕਾਂਗਰਸ ਆਪਣਾ ਰੁਖ ਤੈਅ ਕਰ ਸਕਦੀ ਹੈ। ਅਜਿਹੇ ’ਚ ਵਿਰੋਧੀ ਧਿਰ ਦਾ ਨੇਤਾ ਕੌਣ ਹੋਵੇਗਾ, ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ।
ਵਿਰੋਧੀ ਧਿਰ ਦੇ ਨੇਤਾ ਲਈ ਹੋਰ ਵੀ ਨਾਂ ਚਰਚਾ ’ਚ

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਰਾਹੁਲ ਗਾਂਧੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਤਿਆਰ ਨਹੀਂ ਹਨ। ਰਾਹੁਲ ਗਾਂਧੀ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਸੱਤਾ ਦੀ ਸਿਆਸਤ ’ਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਕੀ ਕਰਨਾ ਚਾਹੁੰਦੇ ਹਨ ਅਤੇ ਕੀ ਨਹੀਂ, ਇਸ ਦਾ ਵੀ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਸੂਤਰਾਂ ਦੇ ਹਵਾਲੇ ਨਾਲ ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਤਜਵੀਜ਼ ਨੂੰ ਠੁਕਰਾਏ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ, ਉਹੀ ਅਜਿਹੇ ਸੰਭਾਵੀ ਨੇਤਾਵਾਂ ਦੇ ਨਾਂ ਵੀ ਦੱਸ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ। ਇਨ੍ਹਾਂ ’ਚ ਕੁਮਾਰੀ ਸ਼ੈਲਜਾ, ਗੌਰਵ ਗੋਗੋਈ ਅਤੇ ਮਨੀਸ਼ ਤਿਵਾੜੀ ਦੇ ਨਾਂ ਸ਼ਾਮਲ ਹਨ।

ਹਰਿਆਣਾ ਤੋਂ ਆਉਣ ਵਾਲੀ ਕੁਮਾਰੀ ਸ਼ੈਲਜਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਸੋਨੀਆ ਗਾਂਧੀ ਦੀ ਕਰੀਬੀ ਅਤੇ ਭਰੋਸੇਮੰਦ ਹੈ ਅਤੇ ਇਸੇ ਤਰ੍ਹਾਂ ਰਾਹੁਲ ਗਾਂਧੀ ਗੌਰਵ ਗੋਗੋਈ ਨੂੰ ਬਹੁਤ ਪਸੰਦ ਕਰਦੇ ਹਨ। ਉਹ ਪਿਛਲੀ ਲੋਕ ਸਭਾ ’ਚ ਵੀ ਕਈ ਮੌਕਿਆਂ ’ਤੇ ਆਪਣੇ ਭਾਸ਼ਣਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਚੁੱਕੇ ਹਨ। ਪੇਸ਼ੇ ਤੋਂ ਵਕੀਲ ਮਨੀਸ਼ ਤਿਵਾੜੀ ਮਨਮੋਹਨ ਸਿੰਘ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਆਏ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਮਨੀਸ਼ ਤਿਵਾੜੀ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਇਕੋ-ਇਕ ਸਾਂਝੇ ਉਮੀਦਵਾਰ ਹਨ, ਜੋ ਲੋਕ ਸਭਾ ਚੋਣਾਂ 2024 ਜਿੱਤ ਕੇ ਸੰਸਦ ਵਿਚ ਪਹੁੰਚੇ ਹਨ।

10 ਸਾਲ ਬਾਅਦ ਵਿਰੋਧੀ ਧਿਰ ਪੂਰੀ ਕਰ ਰਿਹਾ ਹੈ ਅਹੁਦੇ ਲਈ ਯੋਗਤਾ
ਆਪਣੀ ਕਾਰਗੁਜ਼ਾਰੀ ’ਚ ਲਗਾਤਾਰ ਸੁਧਾਰ ਕਰਦਿਆਂ ਕਾਂਗਰਸ ਨੇ 2024 ਦੀਆਂ ਆਮ ਚੋਣਾਂ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਯੋਗ ਹੋਣ ਲਈ 10 ਫੀਸਦੀ ਤੋਂ ਵੱਧ ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। ਕਾਂਗਰਸ ਨੂੰ 99 ਸੀਟਾਂ ਮਿਲੀਆਂ ਹਨ, ਜੋ ਲੋਕ ਸਭਾ ਸੀਟਾਂ ਦੀ ਕੁੱਲ ਗਿਣਤੀ ਦਾ 18 ਫੀਸਦੀ ਹੈ। 2014 ’ਚ ਕਾਂਗਰਸ ਸਿਰਫ਼ 44 ਲੋਕ ਸਭਾ ਸੀਟਾਂ ਹੀ ਜਿੱਤ ਸਕੀ ਸੀ ਅਤੇ 2019 ’ਚ ਸਿਰਫ਼ 52 ਲੋਕ ਸਭਾ ਸੀਟਾਂ ਹੀ ਜਿੱਤ ਸਕੀ ਸੀ, ਜੋ ਕਿ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਲੋੜੀਂਦੀਆਂ 54 ਸੀਟਾਂ ਤੋਂ ਘੱਟ ਸੀ। ਭਾਜਪਾ ਦੀ ਸੁਸ਼ਮਾ ਸਵਰਾਜ ਪਿਛਲੀ ਵਾਰ 2009 ਤੋਂ 2014 ਤੱਕ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਰਹੀ ਸੀ।

ਕੀ ਜ਼ਿੱਦੀ ਹਨ ਰਾਹੁਲ ਗਾਂਧੀ
2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਹ ਜ਼ਿੱਦ ਪੂਰੀ ਕਰ ਕੇ ਹੀ ਮੰਨੇ ਕਿ ਗਾਂਧੀ ਪਰਿਵਾਰ ਤੋਂ ਬਾਹਰ ਦਾ ਹੀ ਕੋਈ ਨੇਤਾ ਕਾਂਗਰਸ ਪ੍ਰਧਾਨ ਬਣੇਗਾ। ਅਸ਼ੋਕ ਗਹਿਲੋਤ ਦੇ ਇਨਕਾਰ ਕਰਨ ਤੋਂ ਬਾਅਦ ਇਕ ਚੋਣ ਪ੍ਰਕਿਰਿਆ ਤਹਿਤ ਸ਼ਸ਼ੀ ਥਰੂਰ ਨੂੰ ਹਰਾ ਕੇ ਮਲਿਕਾਰਜੁਨ ਖੜਗੇ ਕਾਂਗਰਸ ਦੇ ਪ੍ਰਧਾਨ ਬਣ ਗਏ। ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਹੀ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਹਨ। ਹੁਣ ਸੋਨੀਆ ਗਾਂਧੀ ਵੀ ਰਾਜ ਸਭਾ ਪਹੁੰਚ ਗਈ ਹੈ ਅਤੇ ਪ੍ਰਿਅੰਕਾ ਗਾਂਧੀ ਵਢੇਰਾ ਦੇ ਵਾਇਨਾਡ ਤੋਂ ਲੋਕ ਸਭਾ ਪਹੁੰਚਣ ਦੀ ਪੂਰੀ ਸੰਭਾਵਨਾ ਹੈ।

ਨੌਜਵਾਨਾਂ ਨੇ ਬਦਲਾਅ ਲਈ ਪਾਈਆਂ ਵੋਟਾਂ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਚੋਣ ’ਚ ਕੌਮੀ ਪੱਧਰ ’ਤੇ ਜਨਤਾ ਦੇ ਸਾਹਮਣੇ ਸਿਰਫ਼ ਰਾਹੁਲ ਗਾਂਧੀ ਦਾ ਹੀ ਚਿਹਰਾ ਸੀ। 2019 ’ਚ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਬਾਹਰ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਤਾਂ ਇਸ ਵਾਰ ਕਾਂਗਰਸ ਦੀ ਝੋਲੀ ’ਚ 6 ਸੀਟਾਂ ਪਾਈਆਂ ਹਨ। ਗਿਣਤੀ ਭਾਵੇਂ ਜਿੰਨੀ ਵੀ ਹੋਵੇ, ਲੋਕਾਂ ਨੇ ਭਾਜਪਾ ਖਿਲਾਫ ਕਾਂਗਰਸ ਨੂੰ ਵੋਟਾਂ ਪਾਈਆਂ ਹਨ, ਉਨ੍ਹਾਂ ’ਚੋਂ ਕੁਝ ਵੋਟਰਜ਼ ਕਾਂਗਰਸ ਦੇ 5 ਨਿਆਏ ਅਤੇ 25 ਗਾਰੰਟੀਆਂ ਤੋਂ ਪ੍ਰਭਾਵਿਤ ਸਨ ਅਤੇ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਹਨ। ਲੋਕਾਂ ਨੇ ਦੇਸ਼ ਨੂੰ ਮਜ਼ਬੂਤ ​​ਵਿਰੋਧੀ ਧਿਰ ਦੇਣ ਦੇ ਉਦੇਸ਼ ਨਾਲ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗੱਠਜੋੜ ਨੂੰ ਵੋਟਾਂ ਪਾਈਆਂ ਹਨ।

ਮਤਾ ਪਾਸ ਕਰ ਚੁੱਕੀ ਹੈ ਕਾਂਗਰਸ ਵਰਕਿੰਗ ਕਮੇਟੀ
ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਰਾਹੁਲ ਗਾਂਧੀ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦਾ ਮਤਾ ਵੀ ਪਾਸ ਕਰ ਦਿੱਤਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਵਾਂਗ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਮਤੇ ਨੂੰ ਠੁਕਰਾ ਦਿੱਤਾ ਹੈ। ਕਾਰਜਕਾਰਨੀ ’ਚ ਮਤੇ ਨੂੰ ਲੈ ਕੇ ਹੋਈ ਚਰਚਾ ਦੀ ਝਲਕ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਮੀਡੀਆ ਨੂੰ ਇਹ ਜਾਣਕਾਰੀ ਦੇ ਰਹੇ ਸਨ ਕਿ ਰਾਹੁਲ ਗਾਂਧੀ ਰਾਏਬਰੇਲੀ ਨੂੰ ਆਪਣੇ ਕੋਲ ਰੱਖਣਗੇ ਅਤੇ ਉਪ ਚੋਣ ਹੋਣ ’ਤੇ ਵਾਇਨਾਡ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਿਅੰਕਾ ਗਾਂਧੀ ਵਢੇਰਾ ਹੋਵੇਗੀ।

ਰਾਹੁਲ ਦੇ ਵਿਰੋਧੀ ਧਿਰ ਦਾ ਨੇਤਾ ਬਣਨ ਨਾਲ ਇਹ ਹੋਵੇਗਾ ਫਾਇਦਾ
ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਨਾਲ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਨਾਲ-ਨਾਲ ਹੋਰ ਨੇਤਾਵਾਂ ਅਤੇ ਵਰਕਰਾਂ ਦਾ ਵੀ ਉਤਸ਼ਾਹ ਵਧੇਗਾ। ਇੰਨਾ ਹੀ ਨਹੀਂ ਰਾਹੁਲ ਗਾਂਧੀ ਦੀ ਪਰਿਪੱਕਤਾ ਵਧੇਗੀ, ਉਨ੍ਹਾਂ ਦਾ ਅਕਸ ਵੀ ਸੁਧਰੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਸੜਕ ’ਤੇ ਭਾਸ਼ਣ ਦੇਣ ਅਤੇ ਸੰਸਦ ’ਚ ਬੋਲਣ ’ਚ ਬਹੁਤ ਫਰਕ ਹੈ। ਸੜਕ ’ਤੇ ਤਾਂ ਕੋਈ ਕੁਝ ਵੀ ਬੋਲ ਸਕਦਾ ਹੈ ਪਰ ਸੰਸਦ ’ਚ ਇਹ ਕੰਮ ਨਹੀਂ ਚਲਦਾ। ਉੱਥੇ ਸਹੀ ਢੰਗ ਨਾਲ ਬੋਲਣਾ ਪੈਂਦਾ ਹੈ। ਰਾਹੁਲ ਗਾਂਧੀ ਤਾਂ ਮਾਣਹਾਨੀ ਦੇ ਕਈ ਮਾਮਲਿਆਂ ’ਚ ਲਗਾਤਾਰ ਅਦਾਲਤਾਂ ਦੇ ਚੱਕਰ ਲਾ ਰਹੇ ਹਨ। ਬੇਸ਼ੱਕ ਉਹ ਲਿਖ ਕੇ ਹੀ ਪਾਰਲੀਮੈਂਟ ’ਚ ਭਾਸ਼ਣ ਦੇਵੇ ਪਰ ਸੰਸਦ ਵਿਚ ਉਨ੍ਹਾਂ ਦੇ ਭਾਸ਼ਣ ਵਿਚ ਗੰਭੀਰਤਾ ਦੇਖਣ ਨੂੰ ਮਿਲ ਸਕਦੀ ਹੈ। ਇਸ ਤਰ੍ਹਾਂ ਵਿਰੋਧੀ ਧਿਰ ਦਾ ਨੇਤਾ ਬਣਨ ਨਾਲ ਵੀ ਉਨ੍ਹਾਂ ’ਚ ਗੰਭੀਰਤਾ ਆਵੇਗੀ।

ਕੈਬਨਿਟ ਮੰਤਰੀ ਦਾ ਮਿਲੇਗਾ ਦਰਜਾ
ਸੰਸਦ ’ਚ ਵੀ ਅਡਾਨੀ ਵਰਗੇ ਮੁੱਦਿਆਂ ’ਤੇ ਰਾਹੁਲ ਗਾਂਧੀ ਦਾ ਕਾਫੀ ਹਮਲਾਵਰ ਭਾਸ਼ਣ ਸੁਣਨ ਨੂੰ ਮਿਲਿਆ ਹੈ ਪਰ ਰਾਹੁਲ ਗਾਂਧੀ ਜ਼ਿਆਦਾਤਰ ਸੰਸਦ ਦੇ ਬਾਹਰ ਇਸ ਰੂਪ ’ਚ ਹੀ ਨਜ਼ਰ ਆਉਂਦੇ ਹਨ। ਜੇ ਉਹ ਵਿਰੋਧੀ ਧਿਰ ਦੇ ਨੇਤਾ ਬਣਦੇ ਹਨ ਤਾਂ ਰਾਹੁਲ ਗਾਂਧੀ ਦੇ ਮੋਦੀ ਸਰਕਾਰ ਅਤੇ ਭਾਜਪਾ ’ਤੇ ਹਮਲੇ ਹੋਰ ਤਿੱਖੇ ਹੋ ਸਕਦੇ ਹਨ। ਈ. ਡੀ., ਸੀ. ਬੀ. ਆਈ. ਅਤੇ ਵਿਜੀਲੈਂਸ ਮੁਖੀ ਵਰਗੇ ਅਹੁਦਿਆਂ ’ਤੇ ਨਿਯੁਕਤੀ ’ਚ ਬਤੌਰ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ। ਇਸੇ ਤਰ੍ਹਾਂ ਸੂਚਨਾ ਕਮਿਸ਼ਨਰ ਅਤੇ ਲੋਕਪਾਲ ਦੀ ਨਿਯੁਕਤੀ ਵਿਚ ਵੀ ਵਿਰੋਧੀ ਧਿਰ ਦੇ ਨੇਤਾ ਦੀ ਰਾਏ ਲਈ ਜਾਂਦੀ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲਦਾ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਵੀ ਕੈਬਨਿਟ ਮੰਤਰੀ ਦੇ ਬਰਾਬਰ ਤਨਖਾਹ, ਭੱਤੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ।


author

Tanu

Content Editor

Related News