ਪੰਜਾਬ ਭਾਰਤੀ ਜਨਤਾ ਪਾਰਟੀ ਚਿੰਤਨ ਜ਼ਰੂਰ ਕਰੇ

Monday, Jun 10, 2024 - 05:50 PM (IST)

ਪੰਜਾਬ ਭਾਰਤੀ ਜਨਤਾ ਪਾਰਟੀ ਚਿੰਤਨ ਜ਼ਰੂਰ ਕਰੇ

ਪੰਜਾਬ ’ਚ ਲੋਕ ਸਭਾ 2024 ਦੀਆਂ ਚੋਣਾਂ ’ਚ ਸਿਰਫ ਅਰਥ ਤੰਤਰ ਦਾ ਲੇਖਾ-ਜੋਖਾ ਨਾ ਕਰੀਏ। ਉਸ ਨੂੰ ਇੰਨੇ ’ਤੇ ਹੀ ਮਾਣ ਨਹੀਂ ਕਰਨਾ ਹੈ ਕਿ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਵੋਟ ਇਕੱਲਿਆਂ ਚੋਣ ਲੜ ਕੇ 10 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਲਿਆ ਹੈ। ਹਾਂ, ਖੁਸ਼ੀ ਜ਼ਰੂਰ ਸਭ ਨੂੰ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਭਾਜਪਾ ਨੂੰ ਛੱਡ ਕੇ ਉਸ ਨੇ ਕੀ ਖੱਟਿਆ ਹੈ। ਦੋਵਾਂ ਪਾਰਟੀਆਂ ’ਚ 2024 ਦੀਆਂ ਲੋਕ ਸਭਾ ਚੋਣਾਂ ਦੇਖ ਕੇ ਮਨ ’ਚ ਕੁੜੱਤਣ ਵੀ ਨਹੀਂ ਆਉਣੀ ਚਾਹੀਦੀ। ਸਿਆਸਤ ’ਚ ਸਭ ਕੁਝ ਸੰਭਵ ਹੈ। ਕੱਲ੍ਹ ਦੇ ਦੁਸ਼ਮਣ ਅੱਜ ਦੋਸਤ ਵੀ ਹੋ ਸਕਦੇ ਹਨ ਪਰ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣ ਦੇ ਜੋਸ਼ ’ਚ ਭਾਜਪਾ ਨੇ ਆਪਣਾ ਮੌਲਿਕ ਸਰੂਪ ਗੁਆ ਦਿੱਤਾ ਹੈ।

ਜਿੱਤਣ ਦੇ ਜੋਸ਼ ’ਚ ਉਸ ਨੇ ਆਪਣਾ ਕਾਂਗਰਸੀਕਰਨ ਕਰ ਲਿਆ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰੁਪਾਨੀ ਜੀ, ਕੇਂਦਰੀ ਜਲ ਸਪਲਾਈ ਮੰਤਰੀ ਗਜੇਂਦਰ ਸ਼ਿਖਾਵਤ, ਪੰਜਾਬ ਦੇ ਸੰਗਠਨ ਮੰਤਰੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਸਹਿ-ਇੰਚਾਰਜ ਰੈਣਾ ਜੀ ਮਿਲ ਕੇ ਇਹ ਜ਼ਰੂਰ ਚਿੰਤਨ ਕਰਨ ਕਿ ਪੰਜਾਬ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਕੀ ਗੁਆਇਆ ਤੇ ਕੀ ਖੱਟਿਅਾ? ਪੰਜਾਬ ’ਚ ਦੋ ਮਹੀਨੇ ਤੱਕ ਚੱਲੀਆਂ ਲੋਕ ਸਭਾ ਚੋਣਾਂ ਵਿਚ ਅਸੀਂ 13 ਦੀਆਂ 13 ਸੀਟਾਂ ਜਿੱਤਣ ਦਾ ਦਮ ਭਰਦੇ ਰਹੇ।

13 ਦੀਆਂ 13 ਸੀਟਾਂ ਜਿੱਤਣ ਦੇ ਜੋਸ਼ ਨੇ ਸਾਨੂੰ ਵੋਟਰਾਂ ਦੇ ਧਰਾਤਲ ’ਤੇ ਪਹੁੰਚਣ ਹੀ ਨਹੀਂ ਦਿੱਤਾ। ਬਸ ਇਸੇ 13 ਦੇ ਜੋਸ਼ ’ਚ ਪੰਜਾਬ ਭਾਜਪਾ ਨੇ ਆਪਣਾ ਕਾਂਗਰਸੀਕਰਨ ਵੀ ਕਰ ਲਿਆ ਜੋ ਜਿੱਧਰੋਂ ਵੀ ਆਗੂ ਆਇਆ ਭਾਜਪਾ ਨੇ ਉਸ ਨੂੰ ਲੋਕ ਸਭਾ ਚੋਣਾਂ ਦਾ ਉਮੀਦਵਾਰ ਬਣਾ ਲਿਆ।

ਸ਼ਾਇਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘400 ਪਾਰ’ ਦੇ ਮਨੋਵਿਗਿਆਨ ਦਾ ਪ੍ਰਭਾਵ ਹੋਵੇ? ਵਰਕਰ ‘400 ਪਾਰ’ ਦੇ ਨਾਅਰੇ ਤੋਂ ਖੁਸ਼ ਅਤੇ ਪੰਜਾਬ ਭਾਜਪਾ ਮੋਦੀ ਦੇ ਇਸ ਨਾਅਰੇ ਨਾਲ ਵਰਕਰਾਂ ਤੋਂ ਵੱਧ ਖੁਸ਼ ਨਜ਼ਰ ਆਈ। ਅਜਿਹਾ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਨਰਿੰਦਰ ਮੋਦੀ ਦੀਆਂ ਤਾਬੜਤੋੜ ਚੋਣ ਜਿੱਤਾਂ ਨੇ ਪਾਰਟੀ ਵਰਕਰਾਂ ’ਚ ਜੋਸ਼ ਭਰ ਦਿੱਤਾ। ਮੋਦੀ ਜੀ ਹਨ ਤਾਂ ਕ੍ਰਿਸ਼ਮਈ ਲੀਡਰ ਨੰ. 1? ਮੋਦੀ ਦੀ ਗਾਰੰਟੀ ਪਾਰਟੀ ਤੋਂ ਅੱਗੇ ਨਿਕਲ ਗਈ। ਮੰਚ ’ਤੇ ਮੋਦੀ ਜੀ ਬਾਅਦ ’ਚ ਆਉਂਦੇ ਜਨਤਾ ਉਸ ਤੋਂ ਪਹਿਲਾਂ ਹੀ ‘ਮੋਦੀ-ਮੋਦੀ’ ਕਰਨ ਲੱਗ ਜਾਂਦੀ ਸੀ। ‘400 ਪਾਰ’ ਦੇ ਜਾਦੂਈ ਅੰਕੜੇ ਨਾਲ ਵਰਕਰ ਮੋਹਿਤ ਹੋ ਉੱਠਿਆ।

22 ਜਨਵਰੀ, 2024 ਨੂੰ ਅਯੁੱਧਿਆ ’ਚ ਹੋਈ ਰਾਮਲੱਲਾ ਦੀ ‘ਪ੍ਰਾਣ-ਪ੍ਰਤਿਸ਼ਠਾ’ ਨੇ ਦੇਸ਼ ਭਰ ’ਚ ਵੋਟਰਾਂ ’ਚ ਇਕ ਹੁਲਾਰਾ ਜਿਹਾ ਲਿਆ ਦਿੱਤਾ। ਰਾਮ ਨਾਮ ਦੀ ਇਕ ਲਹਿਰ ਜਿਹੀ ਦੇਸ਼ ’ਚ ਚੱਲ ਪਈ। ਸਾਡਾ ਵਰਕਰ ਸੋਚਣ ਲੱਗਾ ਹੁਣ ਤਾਂ ‘400 ਪਾਰ’ ਅਸੀਂ ਹੋ ਹੀ ਜਾਵਾਂਗੇ। ਵਿਰੋਧੀ ਧਿਰ ਹਾਲਾਂਕਿ ਲੰਗੜੀ ਸੀ ਪਰ ਵੋਟਰਾਂ ਦੇ ਮਨਾਂ ’ਚ ਇਹ ਭਰਨ ’ਚ ਕਾਮਯਾਬ ਹੋ ਗਈ ਕਿ ‘400 ਪਾਰ’ ਦਾ ਨਾਅਰਾ ਸੰਵਿਧਾਨ ਬਦਲਣ, ਰਾਖਵਾਂਕਰਨ ਖਤਮ ਕਰਨ ਅਤੇ ਦਲਿਤ ਸਮਾਜ ਦੇ ਅਧਿਕਾਰਾਂ ਨੂੰ ਖੋਹਣ ਲਈ ਭਾਜਪਾ ਉਛਾਲ ਰਹੀ ਹੈ।

ਨਤੀਜਾ ਸਾਹਮਣੇ ਹੈ ਕਿ ‘ਐੱਨ. ਡੀ. ਏ.’ ਨੂੰ ਲੋਕ ਸਭਾ ਦੀਆਂ 292 ਸੀਟਾਂ ਅਤੇ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਨੂੰ 232 ਸੀਟਾਂ ਮਿਲੀਆਂ। ਇਕੱਲਿਆਂ ਕੇਂਦਰ ’ਚ ਸਰਕਾਰ ਬਣਾਉਣ ਲਈ ਭਾਜਪਾ ਕੋਲ ਸਿਰਫ 241 ਸੀਟਾਂ ਦਾ ਅੰਕੜਾ ਹੈ। ਹੁਣ ਕੇਂਦਰ ਸਰਕਾਰ ’ਚ ਤੇਲਗੂ ਦੇਸ਼ਮ ਪਾਰਟੀ ਦੇ ਚੰਦਰਬਾਬੂ ਨਾਇਡੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਗਲਬਾ ਹੋਵੇਗਾ।

ਪੰਜਾਬ ’ਚ ਸਿਆਸੀ ਦ੍ਰਿਸ਼ ਕੁਝ ਵੱਖਰਾ ਜਿਹਾ ਲੱਗਾ। ਪੰਜਾਬ ਭਾਜਪਾ ਨੇ ਇਕਦਮ ਅਜਿਹੇ ਆਗੂਆਂ ਦੇ ਹੱਥ ਲੋਕ ਸਭਾ ਦੀ ਟਿਕਟ ਫੜਾ ਦਿੱਤੀ ਕਿ ਮੋਦੀ ਲਹਿਰ ’ਚ ਇਹ ਸਾਰੇ ਕੈਂਡੀਡੇਟ ਜ਼ਰੂਰ ਜਿੱਤ ਜਾਣਗੇ ਕਿਉਂਕਿ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਉਨ੍ਹਾਂ ਨੂੰ ਪਤਾ ਸੀ ਪਰ ਲੋਕ ਸਭਾ ਚੋਣਾਂ ’ਚ ਹੋਇਆ ਇਸ ਦੇ ਬਿਲਕੁਲ ਉਲਟ। ਕਿੱਥੇ ਤਾਂ ਭਾਜਪਾ ਪੰਜਾਬ ’ਚ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ, ਕਿੱਥੇ ਉਸ ਨੇ ਆਪਣੀਆਂ ਰਵਾਇਤੀ ਲੋਕ ਸਭਾ ਸੀਟਾਂ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵੀ ਵਿਰੋਧੀ ਧਿਰ ਨੂੰ ਫੜਾ ਦਿੱਤੀਆਂ। ਕਿੱਥੇ ਭੁੱਲ ਹੋਈ, ਇਹ ਪੰਜਾਬ ਭਾਜਪਾ ਦੇ ਚਿੰਤਨ ਦਾ ਵਿਸ਼ਾ ਹੈ।

ਪੰਜਾਬ ਭਾਜਪਾ ਕਿਉਂ ਇਹ ਸਰਾਸਰ ਮੰਨ ਰਹੀ ਹੈ ਕਿ ਜੋ ਉਹ ਕਹੇ ਵਰਕਰ ਹੂ-ਬ-ਬੂ ਉਸ ਦੀ ਗੱਲ ਮੰਨ ਲੈਣ? ਭਾਰਤੀ ਜਨਤਾ ਪਾਰਟੀ ਦਾ ਵਰਕਰ ਬੜਾ ਅਣਖੀ ਹੈ। ਉਸ ਦੀ ਅਣਖ ਨੇ ਹੀ ਅੱਜ ਦੀ ਭਾਜਪਾ ਬਣਾਈ ਹੈ। ਵਰਕਰਾਂ ਦੀਆਂ 4 ਪੀੜ੍ਹੀਆਂ ਪਾਰਟੀ ਨੂੰ ਇਸ ਉੱਚ ਸਥਾਨ ’ਤੇ ਪਹੁੰਚਾਉਣ ’ਚ ਗਰਕ ਹੋ ਗਈਆਂ।

ਅੱਜ ਦੇ ਭਾਜਪਾ ਵਰਕਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਸਮੇਂ ’ਚ ਖੁਦ ਦਰੀਆਂ ਵਿਛਾਉਂਦਾ, ਖੁਦ ਭਾਸ਼ਣ ਦਿੰਦਾ, ਖੁਦ ਆਪਣੇ ਪੱਲਿਓਂ ਖਰਚ ਕਰਦਾ ਅਤੇ ਭਾਜਪਾ ਦੀ ਜੈ-ਜੈਕਾਰ ਕਰਦਾ। ਪਾਰਟੀ ਵਰਕਰ ਨੂੰ ਚੋਣ ਮਸ਼ੀਨ ਕਿਉਂ ਬਣਾ ਰਹੀ ਹੈ? ਜਦੋਂ ਵੀ ਚੋਣਾਂ ਆਈਆਂ ਵਰਕਰਾਂ ਨੂੰ ਬਸਤਾ ਫੜਾ ਦਿੱਤਾ।

ਚੋਣਾਂ ਗਈਆਂ ਤਾਂ ਵਰਕਰਾਂ ਨੂੰ ਵੀ ਵਿਸਾਰ ਕਰ ਦਿੱਤਾ? ਅੱਜ ਦੇ ਭਾਜਪਾ ਨੇਤਾ ਇਹ ਿਕਉਂ ਨਹੀਂ ਸਮਝਦੇ ਕਿ ਅਸੀਂ ਪਾਰਟੀ ’ਚ 50-60 ਸਾਲ ਲਾ ਦਿੱਤੇ। ਇਕ ਚੰਗੀ ਦੁਕਾਨ ਖੋਲ੍ਹੀ, ਦੁਕਾਨ ’ਚ ਮਾਲ ਭਰਿਆ ਅਤੇ ਜਦੋਂ ਦੁਕਾਨ ਚੱਲ ਪਈ ਤਾਂ ਕਹਿਣ ਲੱਗੇ ਕਿ ਹੁਣ ਇਸ ਦੁਕਾਨ ’ਚ ਤੁਹਾਡਾ ਕੋਈ ਅਧਿਕਾਰ ਨਹੀਂ।

ਜਿੱਥੋਂ ਤੱਕ ਗੁਰਦਾਸਪੁਰ ਸੰਸਦੀ ਚੋਣ ਦਾ ਸਵਾਲ ਹੈ, ਪਾਰਟੀ ਨੇ ਚੰਗਾ ਫੈਸਲਾ ਲਿਆ ਕਿ ਸਥਾਨਕ ਇਕ ਆਮ ਵਰਕਰ ਨੂੰ ਸਨਮਾਨ ਦਿੱਤਾ। ਉਨ੍ਹਾਂ ਨੂੰ ਲੋਕ ਸਭਾ 2024 ਦੇ ਚੋਣ ਮੈਦਾਨ ’ਚ ਉਤਾਰਿਆ। ਨਹੀਂ ਤਾਂ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਬਾਹਰੀ ਵਿਅਕਤੀਆਂ ਦੀ ਭਰਮਾਰ ਰਹੀ।

ਤੀਜਾ ਪੰਜਾਬ ’ਚ ਕਿਸਾਨ ਅੰਦੋਲਨ ਨੇ ਵੀ ਭਾਜਪਾ ਦਾ ਬਿਸਤਰਾ ਗੋਲ ਕਰਨ ’ਚ ਕਸਰ ਨਹੀਂ ਛੱਡੀ। ਆਪਣੇ ਲੋਕ ਸਭਾ ਉਮੀਦਵਾਰ ਨੂੰ ਵੀ ਸ਼ਾਬਾਸ਼ੀ ਦਿੰਦਾ ਹਾਂ ਕਿ ਕਿਸਾਨ ਅੰਦੋਲਨ ’ਚ ਉਨ੍ਹਾਂ ਨੇ ਕਿਸਾਨਾਂ ਦੀਆਂ ਗਾਲ੍ਹਾਂ, ਡਾਂਗਾਂ ਅਤੇ ਕੁੱਟਮਾਰ ਦਾ ਸਾਹਮਣਾ ਕਰਦੇ ਹੋਏ ਆਪਣੀ ਚੋਣ ਮੁਹਿੰਮ ਨੂੰ ਚਲਾਈ ਰੱਖਿਆ।

ਪੰਜਾਬ ਭਾਜਪਾ ਨੇ ਕਾਂਗਰਸ ਨੂੰ ਕਾਂਗਰਸ ਨਾਲ ਭਿੜਾ ਦਿੱਤਾ। ਕਾਂਗਰਸ ਚੋਣਾਂ ਗੰਭੀਰਤਾ ਨਾਲ ਲੜੀ। ਨਤੀਜੇ ਵੀ ਕਾਂਗਰਸ ਦੇ ਹੱਕ ’ਚ ਆਏ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ‘ਆਪ’ ਜਿਸ ਕੋਲ ਕੋਈ ਕੈਡਰ ਨਹੀਂ, ਨੇਤਾ ਨਹੀਂ ਫਿਰ ਵੀ ਪੰਜਾਬ ’ਚ 3 ਸੀਟਾਂ ਜਿੱਤ ਗਈ। ਇਸ ਤੋਂ ਵੀ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ‘ਆਪ’ ਨੂੰ ਹਰ ਬੂਥ ’ਤੇ ਵੋਟਾਂ ਪਈਆਂ।

ਅੱਜ ਗੁਰਦਾਸਪੁਰ ’ਚ ਪਾਰਟੀ ਨੂੰ ਮੁੜ ਸਤਪਾਲ ਸੈਣੀ ਵਰਗੇ ਮਰਜੀਵੜੇ ਲੱਭਣੇ ਪੈਣਗੇ ਜੋ ਮੇਰੀ ਇਕ ਆਵਾਜ਼ ’ਤੇ ਝੋਲਾ ਚੁੱਕ ਕੇ ਪੈਦਲ ਘਰ-ਘਰ ਭਾਜਪਾ ਜ਼ਿੰਦਾਬਾਦ ਕਰਵਾਉਂਦਾ ਜਾਂਦਾ ਸੀ। ਅੱਜ ਮੈਨੂੰ ਫਿਰ ਐੱਮ. ਐੱਲ. ਏ. ਮਹਾਸ਼ਾ ਰਾਮ ਲਾਲ ਅਤੇ ਮਹਾਸ਼ਾ ਪੂਰਨ ਚੰਦ ਯਾਦ ਆ ਰਹੇ ਹਨ ਜਿਨ੍ਹਾਂ ਨੇ ਗਰੀਬੀ ’ਚ ਪਾਰਟੀ ਦਾ ਪੱਲਾ ਨਹੀਂ ਛੱਡਿਆ।

ਲੋਕ ਨੇਤਾ ਅਖਵਾਏ, ਅੱਜ ਤਾਂ ਨੇਤਾ ਸਾਡੀ ਬੀਜੀ ਹੋਈ ਫਸਲ ਕੱਟ ਕੇ ਹੀਰੋ ਹੋ ਗਏ ਹਨ। ਅਫਸੋਸ ਕਿ ਮੰਜ਼ਿਲ ਉਨ੍ਹਾਂ ਨੂੰ ਮਿਲੀ ਜੋ ਸ਼ਰੀਕੇ-ਸਫਰ ਨਹੀਂ ਸਨ। ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਵੇਂ ਬਣ ਗਏ ਜਿਨ੍ਹਾਂ ਵਿਰੁੱਧ ਪ੍ਰਦਰਸ਼ਨ ਕਰਨ ’ਤੇ ਅੱਜ ਤੱਕ ਮਾਣਯੋਗ ਹਾਈ ਕੋਰਟ ’ਚ ਸਾਨੂੰ ਤਰੀਕਾਂ ਭੁਗਤਣੀਆਂ ਪੈ ਰਹੀਆਂ ਹਨ।

ਇਹੀ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਪ੍ਰਾਈਵੇਟ ਏਡਿਡ ਸਕੂਲਾਂ ਦੀ ਸੁਪਰੀਮ ਕੋਰਟ ਵੱਲੋਂ ਮੁਹੱਈਆ ਕਰਵਾਈ ਪੈਨਸ਼ਨ ਸਕੀਮ 5 ਮਈ 2003 ਨੂੰ ਇਕ ਝਟਕੇ ’ਚ ਬੰਦ ਕਰ ਦਿੱਤੀ ਸੀ। ਉਹ ਕੱਟੜ ਕਾਂਗਰਸੀ ਅਸੀਂ ਭਾਜਪਾ ਵਾਲੇ ਕਿੱਥੇ ਮੇਲ ਹੋਵੇਗਾ? ਪੰਜਾਬ ਭਾਰਤੀ ਜਨਤਾ ਪਾਰਟੀ ਵਿਚਾਰ ਤਾਂ ਕਰੇ?

ਮਾ. ਮੋਹਨ ਲਾਲ ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ


author

Tanu

Content Editor

Related News