ਭਗਵਾਨ ਵਾਲਮੀਕਿ ਜੀ ਦੀ ਮੂਰਤੀ ਭਾਰਤ ਸਰਕਾਰ ਵੱਲੋਂ ਇਟਲੀ ''ਚ ਜਲਦ ਕੀਤੀ ਜਾਵੇਗੀ ਸਥਾਪਿਤ

Saturday, Mar 01, 2025 - 05:47 PM (IST)

ਭਗਵਾਨ ਵਾਲਮੀਕਿ ਜੀ ਦੀ ਮੂਰਤੀ ਭਾਰਤ ਸਰਕਾਰ ਵੱਲੋਂ ਇਟਲੀ ''ਚ ਜਲਦ ਕੀਤੀ ਜਾਵੇਗੀ ਸਥਾਪਿਤ

ਰੋਮ (ਦਲਵੀਰ ਸਿੰਘ ਕੈਂਥ)- ਇਟਲੀ ਅਤੇ ਭਾਰਤ ਦੇ ਕਾਰੋਬਾਰੀ ਤੇ ਸੱਭਿਆਚਾਰਕ ਸਬੰਧਾਂ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਗੂੜਾ ਤੇ ਗਹਿਗਚ ਕਰਨ ਲਈ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਸ਼ਲਾਘਾਯੋਗ ਕਾਰਵਾਈਆਂ ਨੂੰ ਅੰਜਾਮ ਦੇ ਰਹੀਆਂ ਹਨ। ਇਸ ਮਿਸ਼ਨ ਤਹਿਤ ਹੀ ਭਾਰਤੀ ਅੰਬੈਂਸੀ ਰੋਮ ਦੇ ਉਪ-ਰਾਜਦੂਤ ਅਮਰਾਰਾਮ ਗੁੱਜਰ ਵੱਲੋਂ ਇਟਲੀ ਦੇ ਸੂਬੇ ਮਾਰਕੇ ਦੇ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਵਿਸ਼ੇਸ ਮਿਲਣੀ ਕੀਤੀ ਗਈ। ਜ਼ਿਲ੍ਹਾ ਮਚਰੇਤਾ ਦੇ ਨਗਰ ਕੌਂਸਲ ਕਮਪੋਰਤੋਂਦੋ ਦੀ ਫਿਆਸਤਰੋਨੇ ਦੇ ਮੇਅਰ ਮਾਸੀਮਿਲਆਨੋ ਮਿਕੁਚੀ, ਨਗਰ ਕੌਂਸਲ ਸੇਸਾਪਾਲੋਮਬੋ ਦੀ ਮੇਅਰ ਜੇਸੇਪੀਨਾ ਫੇਲੀਸੀਓਤੀ, ਨਗਰ ਕੌਂਸਲ ਚੀਵੀਤਾਨੋਵਾ ਮਾਰਕੇ ਦੇ ਮੇਅਰ ਫਾਬਰੀਸੀਓ ਚਾਰਾਪੀਕਾ ਤੇ ਕੌਂਸਲਰ ਏਰਮਾਨੋ ਮਿਕੁਚੀ ਆਦਿ ਵਿਸ਼ੇਸ ਮਿਲਣੀ ਦੌਰਾਨ ਭਾਰਤ-ਇਟਲੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

PunjabKesari

ਭਾਰਤੀ ਤੇ ਇਟਾਲੀਅਨ ਲੋਕਾਂ ਦੀ ਬਿਹਤਰੀ ਲਈ ਕਈ ਯੋਜਨਾਵਾਂ ਤੇ ਵੀ ਵਿਚਾਰਾਂ ਹੋਈਆਂ ਜਿਵੇਂ ਰਲ-ਮਿਲ ਦੋਨਾਂ ਦੇਸ਼ਾਂ ਦੇ ਸੱਭਿਆਚਾਰ ਦੀ ਗਵਾਹੀ ਭਰਦੇ ਪ੍ਰੋਗਰਾਮ ਕਰਵਾਉਣੇ, ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਭਾਰਤੀ ਸੱਭਿਆਚਾਰ ਨਾਲ ਸਬੰਧ ਫਿਲਮਾਂ ਸਿਨੇਮਾਂ ਘਰਾਂ ਵਿੱਚ ਮੁਫਤ ਦਿਖਾਉਣਾ ਆਦਿ। ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2024-25 ਨੂੰ ਰਾਮਾਇਣ ਕਾਲ ਵਜੋਂ ਘੋਸ਼ਿਤ ਕੀਤਾ ਤੇ ਸ਼੍ਰੀ ਰਾਮਾਇਣ ਰਚੇਤਾ ਭਗਵਾਨ ਵਾਲਮੀਕਿ ਜੀ ਦੀ ਇਟਲੀ ਦੇ ਮਾਰਕੇ ਸੂਬੇ ਵਿੱਚ ਵਿਸ਼ੇਸ ਮੂਰਤੀ ਸਥਾਪਿਤ ਕਰਨ ਦੀਆਂ ਡੂੰਘੀਆਂ ਵਿਚਾਰਾਂ ਉਕਤ ਮੇਅਰਾਂ ਨਾਲ ਹੋਈਆਂ, ਜਿਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਨੂੰ ਆਪਣੇ ਇਲਾਕੇ ਵਿੱਚ ਸਥਾਪਿਤ ਕਰਨ ਲਈ ਭਾਰਤ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- Canada 'ਚ ਹੁਣ ਪਾਇਲਟ-ਇੰਜੀਨੀਅਰ ਨਹੀਂ ਸਗੋਂ ਇਨ੍ਹਾਂ ਪੇਸ਼ੇਵਰਾਂ ਦੀ ਵਧੀ Demand

ਜ਼ਿਕਰਯੋਗ ਯੋਗ ਹੈ ਕਿ ਭਗਵਾਨ ਵਾਲਮੀਕਿ ਜੀ ਦੀ ਇਹ ਮੂਰਤੀ ਭਾਰਤ ਸਰਕਾਰ ਵੱਲੋਂ ਇਟਲੀ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ ਜੋ ਕਿ ਇੱਕ ਇਤਿਹਾਸਕ  ਕਾਰਵਾਈ ਹੋਵੇਗੀ।ਇਟਲੀ ਦੇ ਸੂਬੇ ਮਾਰਕੇ ਦੇ ਸ਼ਹਿਰ ਚੀਵੀਤਾਨੋਵਾ ਮਾਰਕੇ ਵਿੱਚ ਹੀ ਯੂਰਪ ਦਾ ਪਹਿਲਾ ਭਗਵਾਨ ਵਾਲਮੀਕਿ ਮੰਦਿਰ ਹੈ ਜਿੱਥੇ ਹਰ ਸਾਲ ਉਨ੍ਹਾਂ ਦਾ ਪ੍ਰਗਟ ਦਿਵਸ ਭਾਰਤੀ ਤੇ ਇਟਾਲੀਅਨ ਭਾਈਚਾਰੇ ਵੱਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੂਰਤੀ ਦੀ ਸਥਾਪਨਾ ਨੂੰ ਆਪਣੇ ਇਲਾਕੇ ਵਿੱਚ ਹੋਣ ਤੇ ਮਿਲਣੀ ਵਿੱਚ ਸ਼ਾਮਿਲ ਹੋਏ ਮੇਅਰਾਂ ਨੇ ਬਹੁਤ ਹੀ ਖੁਸ਼ੀ ਭਰੇ ਸ਼ਬਦਾਂ ਨਾਲ ਭਾਰਤੀ ਉਪ-ਰਾਜਦੂਤ ਗੁੱਜਰ ਹੁਰਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਗਵਾਨ ਵਾਲਮੀਕਿ ਮੰਦਿਰ ਚੀਵੀਤਾਨੋਵਾ ਦੇ ਪ੍ਰਧਾਨ ਬਹਾਦਰ ਭੱਟੀ, ਜਨਰਲ ਸਕੱਤਰ ਡਾਕਟਰ ਅਸ਼ੋਕ ਕੁਮਾਰ, ਭਾਰਤੀ ਵਾਲਮੀਕਿ ਸਮਾਜ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ, ਇੰਡੋ-ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ। ਇਸ ਮੌਕੇ ਉਪ ਰਾਜਦੂਤ ਗੁੱਜਰ ਦਾ ਮੇਅਰ ਸਾਹਿਬਾਨ ਤੇ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸ਼ੋਸ਼ੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News