ਸ਼੍ਰੀਲੰਕਾ ਨੇ ਅਰਥਚਾਰੇ ਨੂੰ ਰਫਤਾਰ ਦੇਣ ਲਈ ਘਟਾਈ ਵਿਆਜ ਦਰ

05/31/2019 5:22:12 PM

ਕੋਲੰਬੋ — ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਨੀਤੀਗਤ ਵਿਆਜ ਦਰਾਂ ਘਟਾ ਦਿੱਤੀਆਂ ਹਨ।  21 ਅਪ੍ਰੈਲ ਨੂੰ ਈਸਟਰ ਦੇ ਦਿਨ ਹੋਏ ਆਤਮਘਾਤੀ ਬੰਬ ਧਮਾਕਿਆਂ ਦੇ ਬਾਅਦ ਅਰਥਚਾਰੇ 'ਚ ਪਸਰੀ ਸੁਸਤੀ ਨੂੰ ਦੂਰ ਕਰਨ ਲਈ  ਬੈਂਕ ਵਲੋਂ ਇਹ ਕੋਸ਼ਿਸ਼ ਕੀਤੀ ਗਈ ਹੈ। ਇਸ ਹਮਲੇ ਵਿਚ 258 ਸਥਾਨਕ ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ 45 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਸਨ। ਸੈਂਟਰਲ ਬੈਂਕ ਆਫ ਸ਼੍ਰੀਲੰਕਾ ਨੇ ਵਣਜ ਬੈਂਕਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਵਿਆਜ ਦਰ ਨੂੰ 0.5 ਫੀਸਦੀ ਘਟਾ ਦਿੱਤਾ ਹੈ। ਇਸ ਤੋਂ ਬਾਅਦ ਵਿਆਜ ਦੀ ਦਰ 8.5 ਫੀਸਦੀ ਤੱਕ ਪਹੁੰਚ ਗਈ ਹੈ।  ਬੈਂਕ ਅਨੁਸਾਰ ਇਸ ਨਾਲ ਕਰਜ਼ੇ ਦੀ ਮੰਗ ਨੂੰ ਉਤਸ਼ਾਹ ਮਿਲੇਗਾ। ਬੰਬ ਧਮਾਕਿਆਂ ਤੋਂ ਬਾਅਦ ਬੈਂਕਾਂ ਤੋਂ ਕਰਜ਼ੇ ਦੀ ਉਗਰਾਹੀ ਵਿਚ ਕਮੀ ਆਈ ਸੀ।

ਸ੍ਰੀਲੰਕਾ ਵਿਚ ਅਪ੍ਰੈਲ 'ਚ ਈਸਟਰ ਦੇ ਦਿਨ ਐਤਵਾਰ ਨੂੰ  ਤਿੰਨ ਚਰਚਾਂ ਅਤੇ ਤਿੰਨ ਲਗਜ਼ਰੀ ਹੋਟਲਾਂ 'ਚ ਆਤਮਘਾਤੀ ਹਮਲੇ ਹੋਏ ਸਨ।  ਇਨ੍ਹਾਂ ਕਾਰਨ 258 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 500 ਲੋਕ ਜ਼ਖਮੀ ਹੋ ਗਏ ਸਨ। ਕੇਂਦਰੀ ਬੈਂਕ ਨੇ ਕਿਹਾ, 'ਈਸਟਰ ਦੇ ਦਿਨ ਹੋਏ ਹਮਲੇ ਨੇ ਆਰਥਿਕਤਾ ਦੇ ਭਰੋਸੇ ਪ੍ਰਭਾਵਤ ਕੀਤਾ ਹੈ। ਇਸ ਹਮਲੇ ਕਾਰਨ ਖਾਸ ਤੌਰ 'ਤੇ ਸੈਰ-ਸਪਾਟਾ ਅਤੇ ਇਸ ਨਾਲ ਸੰਬੰਧਿਤ ਉਦਯੋਗ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਕਿਹਾ, 'ਆਰਥਿਕ ਸਰਗਰਮੀਆਂ ਹੌਲੀ-ਹੌਲੀ ਲੀਹ 'ਤੇ ਵਾਪਸ ਪਰਤ ਰਹੀਆਂ ਹਨ, ਪਰ ਇਹ 2019 ਦੀ ਅਨੁਮਾਨਿਤ ਵਾਧਾ ਦਰ ਤੋਂ ਘੱਟ ਹੈ।' ਪਿਛਲੇ ਸਾਲ ਸ਼੍ਰੀਲੰਕਾ ਦੀ ਆਰਥਿਕ ਦਰ ਘੱਟ ਕੇ 3.2 ਫੀਸਦੀ ਰਹਿ ਗਈ ਸੀ। ਜਿਹੜੀ ਕਿ ਪਿਛਲੇ ਸਾਲ 2018 ਵਿਚ 3.4 ਫ਼ੀਸਦੀ ਸੀ। ਪਰ 2019 ਵਿਚ ਇਸ ਦੇ ਵਧਣ ਦੀ ਸੰਭਾਵਨਾ ਹੈ।

ਵਿੱਤ ਮੰਤਰੀ ਮੰਗਲਾ ਸਮਾਰਵੀਰਾ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਵਿਦੇਸ਼ੀ ਸੈਲਾਨੀਆਂ ਵਲੋਂ ਆਪਣੀ ਸ਼੍ਰੀਲੰਕਾ ਯਾਤਰਾ ਰੱਦ ਕਰਨ ਨਾਲ ਕਰੀਬ ਡੇਢ ਅਰਬ ਡਾਲਰ  ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹੋਟਲਾਂ ਨੂੰ ਕਰਜ਼ ਦੇਣ 'ਚ ਸਬਸਿਡੀ ਦੇਵੇਗੀ। ਕੇਂਦਰੀ ਬੈਂਕ ਨੇ ਕਿਹਾ ਕਿ ਵਰਤਮਾਨ ਵਿਆਜ ਦਰ ਵਿਚ ਕਮੀ ਦੇ ਨਾਲ ਉਸਨੂੰ ਮੁਦਰਾਸਫੀਤੀ ਵਧਣ ਦੀ ਉਮੀਦ ਨਹੀਂ ਹੈ।  ਦੇਸ਼ ਦੀ ਮੁਦਰਾਸਫੀਤੀ ਚਾਰ ਤੋਂ ਛੇ ਪ੍ਰਤੀਸ਼ਤ ਦੇ ਦਾਇਰੇ ਵਿਚ ਰਹੇਗੀ।


Related News