ਸ਼੍ਰੀਲੰਕਾ ਨੇਵੀ ਨੇ ਜ਼ਬਤ ਕੀਤੀ 120 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ
Friday, May 19, 2023 - 02:11 PM (IST)
ਕੋਲੰਬੋ (ਵਾਰਤਾ)- ਸ਼੍ਰੀਲੰਕਾ ਦੇ ਦੱਖਣੀ ਤੱਟ ਤੋਂ 120 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਲਿਜਾ ਭਰੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਜ਼ਬਤ ਕੀਤਾ ਗਿਆ ਹੈ। ਇੱਥੇ ਜਲ ਸੈਨਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਲ ਸੈਨਾ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ 13 ਮਈ ਨੂੰ ਇੱਕ ਸਥਾਨਕ ਮੱਛੀ ਫੜਨ ਵਾਲੀ ਕਿਸ਼ਤੀ ਵਿੱਚੋਂ ਲਗਭਗ 111.6 ਕਿਲੋਗ੍ਰਾਮ ਹੈਰੋਇਨ ਅਤੇ ਲਗਭਗ 10.2 ਕਿਲੋਗ੍ਰਾਮ ਹਸ਼ੀਸ਼ ਮਿਲੀ ਸੀ।
ਇਸ ਤੋਂ ਬਾਅਦ, ਸ਼੍ਰੀਲੰਕਾ ਦੇ ਦੱਖਣ ਵਿਚ ਡੋਂਦਰਾ ਤੋਂ ਲਗਭਗ 413 ਸਮੁੰਦਰੀ ਮੀਲ ਦੂਰ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਬਿਆਨ ਅਨੁਸਾਰ, ਸ਼ੱਕੀਆਂ ਅਤੇ ਨਸ਼ੀਲੇ ਪਦਾਰਥ ਸਮੇਤ ਜਹਾਜ਼ ਨੂੰ ਵੀਰਵਾਰ ਨੂੰ ਕੋਲੰਬੋ ਦੀ ਬੰਦਰਗਾਹ 'ਤੇ ਲਿਆਂਦਾ ਗਿਆ। ਜਲ ਸੈਨਾ ਨੇ ਕਿਹਾ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ ਲਗਭਗ 2.8 ਅਰਬ ਰੁਪਏ (91 ਲੱਖ ਡਾਲਰ) ਹੈ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੀ ਜਲ ਸੈਨਾ ਨੇ ਇਸ ਸਾਲ 7.6 ਅਰਬ ਰੁਪਏ (2.48 ਮਿਲੀਅਨ ਡਾਲਰ) ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।