ਸ਼੍ਰੀਲੰਕਾ ਦੇ ਪੀ.ਐੱਮ ਦਾ ਬਿਆਨ- 'ਧਮਾਕਿਆਂ ਤੋਂ ਪਹਿਲਾਂ ਭਾਰਤ ਨੇ ਕੀਤਾ ਸੀ ਅਲਰਟ'

04/24/2019 11:18:29 AM

ਕੋਲੰਬੋ— ਸ਼੍ਰੀਲੰਕਾ 'ਚ ਹੋਏ ਸੀਰੀਅਲ ਬੰਬ ਧਮਾਕਿਆਂ ਨੂੰ ਲੈ ਕੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੇ ਕਿਹਾ ਕਿ ਭਾਰਤ ਨੇ ਇਸ ਬਾਰੇ ਖੁਫੀਆ ਜਾਣਕਾਰੀ ਭੇਜੀ ਸੀ ਪਰ ਇਸ 'ਤੇ ਕਾਰਵਾਈ ਕਰਨ ਨੂੰ ਲੈ ਕੇ ਸਾਡੇ ਤੋਂ ਹੀ ਲਾਪਰਵਾਹੀ ਹੋਈ ਹੈ।

ਕੋਲੰਬੋ 'ਚ ਇਕ ਇੰਟਰਵਿਊ 'ਚ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਪਛਤਾਵਾ ਹੈ। ਵਿਕ੍ਰਮਸਿੰਘੇ ਨੇ ਕਿਹਾ,''ਭਾਰਤ ਨੇ ਖੁਫੀਆ ਜਾਣਕਾਰੀ ਦਿੱਤੀ ਸੀ ਪਰ ਅਸੀਂ ਇਸ 'ਤੇ ਕਾਰਵਾਈ ਕਿਵੇਂ ਕਰੀਏ, ਇਸ ਨੂੰ ਲੈ ਕੇ ਲਾਪਰਵਾਹੀ ਹੋ ਗਈ।' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਜਾਂਚ ਅਧਿਕਾਰੀ ਪਾਕਿਸਤਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਨਾਲ ਸੰਪਰਕ 'ਚ ਸਨ। 

ਸ਼੍ਰੀਲੰਕਾ ਦੇ ਇਕ ਰੱਖਿਆ ਸੂਤਰ ਅਤੇ ਭਾਰਤ ਸਰਕਾਰ ਦੇ ਇਕ ਸੂਤਰ ਨੇ ਦੱਸਿਆ ਕਿ ਭਾਰਤੀ ਖੁਫੀਆ ਅਧਿਕਾਰੀਆਂ ਨੇ ਧਮਾਕਿਆਂ ਦੇ ਤਕਰੀਬਨ 2 ਘੰਟੇ ਪਹਿਲਾਂ ਸ਼੍ਰੀਲੰਕਾਈ ਹਮਰੁਤਬਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਅਤੇ ਹਮਲੇ ਨੂੰ ਲੈ ਕੇ ਅਲਰਟ ਕਰ ਦਿੱਤਾ ਸੀ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਹਮਲਾਵਰ ਖਾਸ ਤੌਰ 'ਤੇ ਗਿਰਜਾਘਰਾਂ 'ਤੇ ਹਮਲਾ ਕਰ ਸਕਦੇ ਹਨ।

ਇਸ ਦੇ ਨਾਲ ਹੀ ਵਿਕ੍ਰਮਸਿੰਘੇ ਨੇ ਕਿਹਾ ਕਿ,'ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੇ ਸਮੂਹ 'ਚ ਸ਼੍ਰੀਲੰਕਾ ਦੇ ਨਾਗਰਿਕ ਵੀ ਸ਼ਾਮਲ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਕੁਨੈਕਸ਼ਨਾਂ ਦੀ ਮਦਦ ਮਿਲੀ ਸੀ। ਇਸ ਲਈ ਅਸੀਂ ਕੁੱਝ ਵਿਦੇਸ਼ੀ ਏਜੰਸੀਆਂ ਤੋਂ ਮਦਦ ਮੰਗੀ ਹੈ ਤਾਂ ਕਿ ਅਸੀਂ ਵਿਦੇਸ਼ੀ ਲਿੰਕਸ ਬਾਰੇ ਜਾਣਕਾਰੀ ਹਾਸਲ ਕਰ ਸਕੀਏ। ਉਨ੍ਹਾਂ ਕਿਹਾ ਕਿ ਸਾਡਾ ਭਾਰਤ ਨਾਲ ਖੁਫੀਆ ਜਾਣਕਾਰੀ ਸਾਂਝਾ ਕਰਨ ਦਾ ਚੰਗਾ ਸਿਸਟਮ ਹੈ। ਇਹ ਸਾਡੀ ਮਦਦ ਕਰਦਾ ਹੈ। ਸਾਨੂੰ ਅਮਰੀਕਾ ਤੇ ਬ੍ਰਿਟੇਨ ਤੋਂ ਵੀ ਮਦਦ ਮਿਲੀ ਹੈ। ਸਾਡੀ ਪਹਿਲ ਅੱਤਵਾਦੀਆਂ ਨੂੰ ਫੜਨਾ ਹੈ। ਜਦ ਤਕ ਅਸੀਂ ਅਜਿਹਾ ਨਹੀਂ ਕਰਦੇ ਤਦ ਤਕ ਕੋਈ ਵੀ ਸੁਰੱਖਿਅਤ ਨਹੀਂ। ਜ਼ਿਕਰਯੋਗ ਹੈ ਕਿ ਇਸਲਾਮਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੰਬ ਧਮਾਕਿਆਂ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 359 ਹੋ ਗਈ ਹੈ। ਪੁਲਸ ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਦੱਸਿਆ ਕਿ 18 ਹੋਰ ਸ਼ੱਕੀਆਂ ਨੂੰ ਮੰਗਲਵਾਰ ਰਾਤ ਸਮੇਂ ਹਿਰਾਸਤ 'ਚ ਲਿਆ ਗਿਆ ਹੈ ਅਤੇ ਹੁਣ ਤਕ 58 ਸ਼ੱਕੀ ਹਿਰਾਸਤ 'ਚ ਹਨ।


Related News