ਇਟਲੀ ''ਚ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸਮਾਗਮ
Thursday, Nov 27, 2025 - 04:51 PM (IST)
ਨੋਵੇਲਾਰਾ (ਦਲਵੀਰ ਕੈਂਥ)- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਨੂੰ ਬਚਾਉਣ ਖਾਤਰ ਦਿੱਤੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਦੀ ਇਸ ਸਾਲ 350ਵੀਂ ਸ਼ਹੀਦੀ ਸ਼ਤਾਬਦੀ ਸੰਸਾਰ ਭਰ ਵਿੱਚ ਸ਼ਰਧਾ ਨਾਲ ਮਨਾਈ ਜਾ ਰਹੀ ਹੈ।
ਦੂਜੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਕੇ ਮਨੁੱਖਤਾ ਲਈ ਹਾਅ ਦਾ ਨਾਅਰਾ ਮਾਰਨ ਦੀ ਇਹ ਅਦੁੱਤੀ ਮਿਸਾਲ ਗੁਰੂ ਸਾਹਿਬ ਨੇ ਕਾਇਮ ਕੀਤੀ ਸੀ। ਇਸ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਮੂਹ ਸਿੰਘਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।

25 ਸਿੰਘਾਂ ਵਾਲੀ ਪੁਰਾਤਨ ਮਰਿਯਾਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਹੋਣਗੇ। ਪ੍ਰਾਰੰਭਤਾ 28 ਨਵੰਬਰ ਨੂੰ ਸਵੇਰੇ 10.00 ਵਜੇ ਹੋਵੇਗੀ ਅਤੇ ਭੋਗ 30 ਨਵੰਬਰ ਨੂੰ ਸਵੇਰੇ ਪਾਏ ਜਾਣਗੇ। 29 ਨਵੰਬਰ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ।
30 ਨਵੰਬਰ ਨੂੰ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ ਜਿਨ੍ਹਾਂ ਵਿੱਚ ਗਿਆਨੀ ਤਲਵਿੰਦਰ ਸਿੰਘ ਅਤੇ ਗਿਆਨੀ ਕਮਲਦੀਪ ਸਿੰਘ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਇਸ ਦੌਰਾਨ ਸਮੂਹ ਇਲਾਕਾ, ਇਟਲੀ ਅਤੇ ਯੂਰਪ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਵਧ ਚੜ੍ਹ ਕੇ ਪਰਿਵਾਰਾਂ ਸਮੇਤ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸਮਾਗਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤੇਗਾ।
