ਸਪੈਂਗਲਰ ਕੱਪ ਕਵਾਰਟਰ ਫ਼ਾਈਨਲ: ਪ੍ਰਾਗ ਦੀ ਟੀਮ ਨੇ ਕੈਨੇਡਾ ਨੂੰ 5-1 ਨਾਲ ਹਰਾਇਆ

Tuesday, Dec 30, 2025 - 03:03 AM (IST)

ਸਪੈਂਗਲਰ ਕੱਪ ਕਵਾਰਟਰ ਫ਼ਾਈਨਲ: ਪ੍ਰਾਗ ਦੀ ਟੀਮ ਨੇ ਕੈਨੇਡਾ ਨੂੰ 5-1 ਨਾਲ ਹਰਾਇਆ

ਵੈਨਕੂਵਰ (ਮਲਕੀਤ ਸਿੰਘ) - ਯੂਰਪ ਦੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਡਾਵੋਸ ਸ਼ਹਿਰ ਵਿੱਚ ਚੱਲ ਰਹੇ ਪ੍ਰਸਿੱਧ ਸਪੈਂਗਲਰ ਕੱਪ ਹਾਕੀ ਟੂਰਨਾਮੈਂਟ ਦੇ ਕਵਾਰਟਰ ਫ਼ਾਈਨਲ ਮੁਕਾਬਲੇ ਵਿੱਚ ਕੈਨੇਡਾ ਦੀ ਮਰਦਾਂ ਦੀ ਟੀਮ ਨੂੰ ਸਪਾਰਟਾ ਪ੍ਰਾਗ ਦੀ ਟੀਮ ਨੇ 5-1 ਨਾਲ ਹਰਾਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਇਸ ਹਾਰ ਨਾਲ ਕੈਨੇਡਾ ਦੀ ਟੀਮ ਲਈ ਡਾਵੋਸ ਵਿੱਚ ਖਿਤਾਬ ਜਿੱਤਣ ਦੀ ਉਡੀਕ ਹੋਰ ਲੰਮੀ ਹੋ ਗਈ ਹੈ।

ਮੁਕਾਬਲੇ ਦਾ ਫੈਸਲਾ ਕੁਝ ਹੀ ਮਿੰਟਾਂ ਵਿੱਚ ਹੋ ਗਿਆ ਜਦੋਂ ਤੀਜੇ ਪੀਰੀਅਡ ਦੇ ਸ਼ੁਰੂ ਵਿੱਚ ਪ੍ਰਾਗ ਦੇ ਖਿਡਾਰੀ ਮਾਰਟਿਨਸ ਡਜ਼ੀਅਰਕਾਲਸ ਨੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਸਪਾਰਟਾ ਪ੍ਰਾਗ ਨੇ ਲਗਾਤਾਰ ਦਬਦਬਾ ਬਣਾਇਆ ਰੱਖਿਆ ਜਿਸ ਕਾਰਨ ਕੈਨੇਡਾ ਦੀ ਡਿਫੈਂਸ ਨੂੰ ਕੋਈ ਵੱਡਾ ਮੌਕਾ ਨਹੀਂ ਮਿਲ ਸਕਿਆ। ਪਹਿਲਾਂ ਓਟਾਵਾ ਸੇਨੇਟਰਜ਼ ਲਈ ਖੇਡ ਚੁੱਕੇ ਫਿਲਿਪ ਚਲਾਪਿਕ ਨੇ ਪ੍ਰਾਗ ਵੱਲੋਂ ਜੇਤੂ ਗੋਲ ਕਰਕੇ ਕੈਨੇਡਾ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ।

ਇਸ ਨਤੀਜੇ ਨਾਲ ਕੈਨੇਡਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ, ਜਦਕਿ ਸਪਾਰਟਾ ਪ੍ਰਾਗ ਨੇ ਸੈਮੀਫ਼ਾਈਨਲ ਵੱਲ ਕੂਚ ਕਰ ਲਿਆ। ਹਾਕੀ ਮਾਹਿਰਾਂ ਮੁਤਾਬਕ ਕੈਨੇਡਾ ਦੀ ਟੀਮ ਲਈ ਇਹ ਹਾਰ ਨਿਰਾਸ਼ਾਜਨਕ ਹੈ ਅਤੇ ਅਗਲੇ ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਪਹਿਲਾਂ ਟੀਮ ਨੂੰ ਆਪਣੀ ਰਣਨੀਤੀ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
 


author

Inder Prajapati

Content Editor

Related News