ਸਪੇਨ ''ਚ ਲੱਗੀ ਪੰਜਾਬੀਆਂ ਦੀ ਲਾਟਰੀ, 5 ਲੱਖ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ
Thursday, Feb 12, 2026 - 11:27 AM (IST)
ਮੈਡਰਿਡ : ਯੂਰਪੀ ਮੁਲਕ ਸਪੇਨ ਨੇ ਇਕ ਇਤਿਹਾਸਕ ਫੈਸਲਾ ਲੈਂਦਿਆਂ 5 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਜਿੱਥੇ ਲੱਖਾਂ ਪ੍ਰਵਾਸੀਆਂ ਦੇ ਦੁੱਖ ਦੂਰ ਹੋਣਗੇ, ਉੱਥੇ ਹੀ ਇਸ ਯੋਜਨਾ ਦਾ ਲਾਭ ਲੈਣ ਵਾਲਿਆਂ ਵਿਚ ਘੱਟੋ-ਘੱਟ 15 ਹਜ਼ਾਰ ਪੰਜਾਬੀ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਪੱਕਾ ਹੋਣ ਲਈ ਲਾਜ਼ਮੀ ਸ਼ਰਤਾਂ
ਸਰਕਾਰ ਦੇ ਇਸ ਐਲਾਨ ਮੁਤਾਬਕ, ਸਪੇਨ ਵਿਚ ਰਹਿ ਰਹੇ ਪ੍ਰਵਾਸੀਆਂ ਲਈ ਕੁਝ ਮੁੱਖ ਸ਼ਰਤਾਂ ਰੱਖੀਆਂ ਗਈਆਂ ਹਨ:
- ਪ੍ਰਵਾਸੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ।
- ਉਹ 31 ਦਸੰਬਰ 2025 ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਸਪੇਨ ਵਿਚ ਮੌਜੂਦ ਰਿਹਾ ਹੋਵੇ।
- ਪੱਕਾ ਕਰਨ ਦੀ ਪ੍ਰਕਿਰਿਆ ਲਈ ਅਰਜ਼ੀਆਂ ਲੈਣ ਦਾ ਕੰਮ ਅਪ੍ਰੈਲ ਵਿਚ ਸ਼ੁਰੂ ਹੋਵੇਗਾ ਅਤੇ 30 ਜੂਨ ਆਖਰੀ ਤਰੀਕ ਹੋ ਸਕਦੀ ਹੈ।
ਆਰਥਿਕ ਸੁਧਾਰ ਅਤੇ ਕਿਰਤੀਆਂ ਦੀ ਕਿੱਲਤ : ਜਿੱਥੇ ਅਮਰੀਕਾ ਵਿਚ ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਹੀ ਹੈ, ਉੱਥੇ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਇੰਮੀਗ੍ਰੇਸ਼ਨ ਦੇ ਫਾਇਦੇ ਦੱਸ ਰਹੇ ਹਨ। ਮਾਹਰਾਂ ਅਨੁਸਾਰ ਸਪੇਨ ਦੀ ਜੀ.ਡੀ.ਪੀ. ਵਿਚ 2.8 ਫੀਸਦੀ ਤਰੱਕੀ ਹੋਈ ਹੈ ਅਤੇ ਬੇਰੁਜ਼ਗਾਰੀ ਦਰ ਪਹਿਲੀ ਵਾਰ 10 ਫੀਸਦੀ ਤੋਂ ਹੇਠਾਂ ਆਈ ਹੈ। ਰੀਅਲ ਅਸਟੇਟ ਮਾਹਰਾਂ ਮੁਤਾਬਕ ਇਕੱਲੇ ਕੰਸਟ੍ਰਕਸ਼ਨ ਸੈਕਟਰ ਵਿਚ ਹੀ 7 ਲੱਖ ਕਾਮਿਆਂ ਦੀ ਜ਼ਰੂਰਤ ਹੈ।
ਪੰਜਾਬੀ ਪ੍ਰਵਾਸੀਆਂ ਵਿਚ ਖੁਸ਼ੀ ਦੀ ਲਹਿਰ
ਸਪੇਨ ਵਿਚ ਰਹਿ ਰਹੇ ਕਈ ਪੰਜਾਬੀ ਇਸ ਫੈਸਲੇ ਤੋਂ ਬੇਹੱਦ ਖੁਸ਼ ਹਨ। ਕਈ ਸਾਲਾਂ ਤੋਂ ਬਿਨਾਂ ਪੇਪਰਾਂ ਤੋਂ ਕੰਮ ਕਰ ਰਹੇ ਪੰਜਾਬੀਆਂ ਦਾ ਕਹਿਣਾ ਹੈ ਕਿ ਹੁਣ ਉਹ ਪੰਜਾਬ ਰਹਿ ਰਹੀ ਆਪਣੀ ਪਰਿਵਾਰਾਂ ਨੂੰ ਵੱਧ ਪੈਸੇ ਭੇਜ ਸਕਣਗੇ ਅਤੇ ਭਵਿੱਖ ਵਿਚ ਉਨ੍ਹਾਂ ਨੂੰ ਵੀ ਸਪੇਨ ਸੱਦ ਸਕਣਗੇ। ਇਸ ਐਲਾਨ ਮਗਰੋਂ ਬਾਰਸੀਲੋਨਾ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਸਰਟੀਫਿਕੇਟ ਬਣਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਦੂਜੇ ਪਾਸੇ, ਸਪੇਨ ਦੀ ਵਿਰੋਧੀ ਧਿਰ ਨੇ ਸਰਕਾਰੀ ਸੇਵਾਵਾਂ 'ਤੇ ਬੋਝ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪ੍ਰੋਸੈਸਿੰਗ ਵਿਚ ਇਕ ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ।
