ਸਪੇਨ ’ਚ ਹਾਈ ਸਪੀਡ ਟ੍ਰੇਨਾਂ ਟਕਰਾਈਆਂ, ਹੁਣ ਤੱਕ 64 ਲੋਕਾਂ ਦੀ ਮੌਤ
Thursday, Oct 29, 2026 - 04:06 AM (IST)
ਮੈਡ੍ਰਿਡ - ਸਪੇਨ ਦੇ ਟੋਲੇਡੋ ਸੂਬੇ ਵਿਚ ਬੁੱਧਵਾਰ ਨੂੰ ਦੋ ਹਾਈ ਸਪੀਡ ਟ੍ਰੇਨਾਂ ਟਕਰਾਅ ਗਈਆਂ। ਹਾਦਸੇ ਵਿਚ 64 ਲੋਕਾਂ ਦੀ ਮੌਤ ਹੋ ਗਈ, ਜਦਕਿ 179 ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਲਈ ਐਮਰਜੈਂਸੀ ਅਤੇ ਮੈਡੀਕਲ ਟੀਮਾਂ ਮੌਕੇ ’ਤੇ ਪਹੁੰਚੀਆਂ। ਸਪੈਨਿਸ਼ ਮੀਡੀਆ ਮੁਤਾਬਕ, ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਮੋਰਾ ਅਤੇ ਓਰਗਾਜ ਕਸਬਿਆਂ ਵਿਚਾਲੇ ਹੋਇਆ। ਇਕ ਟ੍ਰੇਨ ਨੇ ਦੂਜੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਕਈ ਡਿੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਰਾਜਧਾਨੀ ਮੈਡ੍ਰਿਡ ਨੂੰ ਦੱਖਣੀ ਅੰਦਾਲੂਸੀਆ ਖੇਤਰ ਨਾਲ ਜੋੜਨ ਵਾਲੀ ਰੇਲ ਲਾਈਨ ਬੰਦ ਕਰ ਦਿੱਤੀ ਗਈ। ਦੋਵੇਂ ਟ੍ਰੇਨਾਂ ਸਰਕਾਰੀ ਕੰਪਨੀ ਰੇਨਫੇ ਅਤੇ ਨਿੱਜੀ ਕੰਪਨੀ ਇਰਯੋ ਦੀਆਂ ਸਨ। ਇਨ੍ਹਾਂ ਟ੍ਰੇਨਾਂ ਦੀ ਰਫ਼ਤਾਰ ਆਮ ਤੌਰ ’ਤੇ 200 ਕਿਲੋਮੀਟਰ/ਘੰਟੇ ਤੋਂ ਜ਼ਿਆਦਾ ਹੁੰਦੀ ਹੈ।
ਸਪੇਨ ਦੇ ਪ੍ਰਧਾਨ ਮੰਤਰੀ ਪੇਦ੍ਰੋ ਸਾਂਚੇਜ਼ ਨੇ ਕਿਹਾ ਕਿ ਇਸ ਹਾਦਸੇ ਦੀ ਖ਼ਬਰ ਸੁਣ ਕੇ ਉਹ ਸਦਮੇ ਵਿਚ ਹਨ। ਰਾਹਤ ਅਤੇ ਬਚਾਅ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਹਾਦਸੇ ਵਿਚ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ। ਟੋਲੇਡੋ ਦੇ ਕੋਲ ਉਰਦਾ ਸ਼ਹਿਰ ਦੇ ਮੇਅਰ ਮੈਨੂਅਲ ਗਾਲਾਨ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਉਨ੍ਹਾਂ ਨੂੰ ਜ਼ਖਮੀਆਂ ਦੇ ਇਲਾਜ ਅਤੇ ਦੇਖਭਾਲ ਲਈ ਇਕ ਸਪੋਰਟਸ ਹਾਲ ਤਿਆਰ ਰੱਖਣ ਲਈ ਕਿਹਾ ਹੈ।
