ਸਪੇਨ ’ਚ ਟਰੇਨ ਹਾਦਸੇ ਤੋਂ ਬਾਅਦ ਹਿੰਸਾ, ਲੋਕਾਂ ਨੇ ਪੁਲਸ ’ਤੇ ਬੋਤਲਾਂ-ਪਟਾਕੇ ਸੁੱਟੇ

Friday, Oct 30, 2026 - 03:06 PM (IST)

ਸਪੇਨ ’ਚ ਟਰੇਨ ਹਾਦਸੇ ਤੋਂ ਬਾਅਦ ਹਿੰਸਾ, ਲੋਕਾਂ ਨੇ ਪੁਲਸ ’ਤੇ ਬੋਤਲਾਂ-ਪਟਾਕੇ ਸੁੱਟੇ

ਮੈਡ੍ਰਿਡ (ਏਜੰਸੀ)- ਸਪੇਨ ਵਿਚ 2 ਹਾਈ-ਸਪੀਡ ਟਰੇਨਾਂ ਦੀ ਟੱਕਰ ’ਚ 68 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਵੀਰਵਾਰ ਨੂੰ ਸੈਂਕੜੇ ਲੋਕਾਂ ਨੇ ਰਾਜਧਾਨੀ ਮੈਡ੍ਰਿਡ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਟਰਾਂਸਪੋਰਟ ਮੰਤਰੀ ਓਸਕਰ ਪੁਏਂਤੇ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕੁਝ ਲੋਕਾਂ ਨੇ ਉਨ੍ਹਾਂ ਨੂੰ ‘ਮੌਤ ਦਾ ਮੰਤਰੀ’ ਤੱਕ ਕਿਹਾ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਵੀ ਹੋਈ। ਲੋਕਾਂ ਨੇ ਪੁਲਸ ’ਤੇ ਬੋਤਲਾਂ ਅਤੇ ਪਟਾਕੇ ਸੁੱਟੇ। ਪੁਲਸ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕੀਤੀ। ਟਰੇਨਾਂ ਦੀ ਟੱਕਰ ਦੀ ਘਟਨਾ ਬੁੱਧਵਾਰ ਦੀ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਰੇਲ ਸੁਰੱਖਿਆ ਸਿਸਟਮ ਵਿਚ ਖ਼ਰਾਬੀ ਆਈ ਸੀ, ਜਿਸ ਤੋਂ ਬਾਅਦ ਕੰਟਰੋਲ ਸੈਂਟਰ ਨੇ ਇਕ ਟਰੇਨ ਨੂੰ ਦੁਬਾਰਾ ਚੱਲਣ ਦੀ ਇਜਾਜ਼ਤ ਦਿੱਤੀ। ਅੱਗੇ ਪਟਰੀ ’ਤੇ ਖੜ੍ਹੀ ਦੂਜੀ ਟਰੇਨ ਨਾਲ ਉਸ ਦੀ ਟੱਕਰ ਹੋ ਗਈ।

ਸਿਗਨਲ ਸਿਸਟਮ ਦੀ ਖ਼ਰਾਬੀ ਹੀ ਹਾਦਸੇ ਦੀ ਅਸਲੀ ਵਜ੍ਹਾ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ। ਟਰਾਂਸਪੋਰਟ ਮੰਤਰੀ ਓਸਕਰ ਪੁਏਂਤੇ ਨੇ ਵੀ ਕਿਹਾ ਹੈ ਕਿ ਜਾਂਚ ਤੋਂ ਬਾਅਦ ਹਾਦਸੇ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ ਅਤੇ ਜ਼ਿੰਮੇਵਾਰੀ ਤੈਅ ਹੋ ਸਕੇਗੀ। ਹਾਦਸੇ ਤੋਂ ਬਾਅਦ ਦੇਸ਼ ਦੀ ਰੇਲ ਵਿਵਸਥਾ ਅਤੇ ਯਾਤਰੀਆਂ ਦੀ ਸੁਰੱਖਿਆ ’ਤੇ ਸਵਾਲ ਉੱਠ ਰਹੇ ਹਨ। ਇਸ ਸਾਲ ਸਪੇਨ ਵਿਚ ਹੋਇਆ ਇਹ ਦੂਜਾ ਵੱਡਾ ਰੇਲ ਹਾਦਸਾ ਹੈ, ਜਿਸ ਵਿਚ ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਹੋਏ ਹਾਦਸੇ ਵਿਚ 46 ਲੋਕਾਂ ਨੇ ਜਾਨ ਗੁਆਈ ਸੀ। ਉਸ ਸਮੇਂ ਪਟਰੀ ਦੇ ਜੋੜ ਵਿਚ ਖ਼ਰਾਬੀ ਕਾਰਨ ਟਰੇਨ ਪਟਰੀ ਤੋਂ ਉੱਤਰ ਗਈ ਸੀ।


author

cherry

Content Editor

Related News