ਯੂਨਾਨ ਨੇੜੇ ਕਿਸ਼ਤੀਆਂ ਪਲਟਣ ਨਾਲ 12 ਪ੍ਰਵਾਸੀਆਂ ਦੀ ਮੌਤ

Tuesday, Oct 20, 2026 - 02:26 AM (IST)

ਯੂਨਾਨ ਨੇੜੇ ਕਿਸ਼ਤੀਆਂ ਪਲਟਣ ਨਾਲ 12 ਪ੍ਰਵਾਸੀਆਂ ਦੀ ਮੌਤ

ਏਥੇਂਜ਼ - ਯੂਨਾਨ ਦੇ ਕੋਸਟ ਗਾਰਡ ਨੇ ਸੋਮਵਾਰ ਨੂੰ ਦੱਸਿਆ ਕਿ ਲੈਸਬੋਸ ਅਤੇ ਸਾਮੋਸ ਟਾਪੂਆਂ ਨੇੜੇ ਵੱਖ-ਵੱਖ ਘਟਨਾਵਾਂ ਵਿਚ ਕਿਸ਼ਤੀਆਂ ਪਲਟਣ ਨਾਲ 12 ਪ੍ਰਵਾਸੀਆਂ ਦੀ ਮੌਤ ਹੋ ਗਈ। ਕੋਸਟ ਗਾਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਲੈਸਬੋਸ ਦੇ ਦੱਖਣ ਵਿਚ ਸੀਰੀਆ ਅਤੇ ਫਿਲਸਤੀਨ ਦੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਯੂਨਾਨ ਦੇ ਕੋਸਟ ਗਾਰਡ ਦੇ ਜਹਾਜ਼ ਦੇ ਅਗਲੇ ਹਿੱਸੇ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਚਾਰ ਮਰਦ, ਇਕ ਔਰਤ ਅਤੇ ਇਕ ਬੱਚਾ ਸ਼ਾਮਲ ਹਨ।

ਇਸ ਘਟਨਾ ਵਿਚ ਅੱਠ ਹੋਰ ਲੋਕਾਂ ਨੂੰ ਬਚਾਅ ਲਿਆ ਗਿਆ। ਇਨ੍ਹਾਂ ’ਚੋਂ ਇਕ ਵਿਅਕਤੀ ਨੂੰ ਮਨੁੱਖੀ ਸਮੱਗਲਿੰਗ ਕਰਨ ਦੇ ਸ਼ੱਕ ਵਿਚ ਹਿਰਾਸਤ ’ਚ ਲਿਆ ਗਿਆ ਹੈ। ਸੋਮਵਾਰ ਤੜਕੇ ਸਾਮੋਸ ਟਾਪੂ ਦੇ ਉੱਤਰ ਵਿਚ ਇਕ ਕਿਸ਼ਤੀ ਪਲਟ ਜਾਣ ਨਾਲ ਇਕ ਔਰਤ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਲੱਗਭਗ 15 ਲੋਕਾਂ ਨੂੰ ਬਚਾਅ ਲਿਆ ਗਿਆ। ਇਨ੍ਹਾਂ ਵਿਚ ਇਕ ਈਰਾਨੀ ਵਿਅਕਤੀ ਵੀ ਸ਼ਾਮਲ ਹੈ, ਜਿਸ ’ਤੇ ਮਨੁੱਖੀ ਸਮੱਗਲਿੰਗ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਬੁਲਾਰੇ ਨੇ ਦੱਸਿਆ ਕਿ ਲਾਪਤਾ ਤਿੰਨ ਹੋਰ ਯਾਤਰੀਆਂ ਦੀ ਭਾਲ ਵਿਚ ਕੋਸਟ ਗਾਰਡ ਦਾ ਇਕ ਜਹਾਜ਼ ਅਤੇ ਹੈਲੀਕਾਪਟਰ ਇਲਾਕੇ ਵਿਚ ਮੌਜੂਦ ਹਨ। ਯੂਨਾਨ, ਮੱਧ ਪੂਰਬ, ਅਫ਼ਰੀਕਾ ਅਤੇ ਏਸ਼ੀਆ ਵਿਚ ਟਕਰਾਅ ਅਤੇ ਗ਼ਰੀਬੀ ਤੋਂ ਬਚ ਕੇ ਭੱਜਣ ਵਾਲੇ ਲੋਕਾਂ ਲਈ ਯੂਰਪੀਅਨ ਯੂਨੀਅਨ ਵਿਚ ਦਾਖ਼ਲ ਹੋਣ ਦੇ ਮੁੱਖ ਮਾਰਗਾਂ ’ਚੋਂ ਇਕ ਹੈ। ਇਨ੍ਹਾਂ ’ਚੋਂ ਕਈ ਲੋਕ ਛੋਟੀਆਂ ਕਿਸ਼ਤੀਆਂ ਵਿਚ ਤੁਰਕੀ ਦੇ ਤੱਟ ਤੋਂ ਨੇੜਲੇ ਯੂਨਾਨੀ ਟਾਪੂਆਂ ਤੱਕ ਦਾ ਘੱਟ ਦੂਰੀ ਵਾਲਾ ਪਰ ਅਕਸਰ ਜੋਖ਼ਮ ਭਰਿਆ ਸਫ਼ਰ ਤੈਅ ਕਰਦੇ ਹਨ।


author

Inder Prajapati

Content Editor

Related News