ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ, ਬਣਿਆ ਇਹ ਰਿਕਾਰਡ

Thursday, Nov 11, 2021 - 09:51 AM (IST)

ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ, ਬਣਿਆ ਇਹ ਰਿਕਾਰਡ

ਕੇਪ ਕੈਨਵੇਰਲ (ਏਜੰਸੀ): ਸਪੇਸਐਕਸ ਨੇ ਚਾਰ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਹੈ। ਖ਼ਰਾਬ ਮੌਸਮ ਸਮੇਤ ਕਈ ਕਾਰਨਾਂ ਕਰਕੇ ਲੰਮੀ ਦੇਰੀ ਤੋਂ ਬਾਅਦ ਆਖਿਰਕਾਰ ਬੁੱਧਵਾਰ ਨੂੰ ਸਪੇਸਐਕਸ ਦਾ ਰਾਕੇਟ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਇਆ। ਦੋ ਦਿਨ ਪਹਿਲਾਂ ਹੀ ਸਪੇਸਐਕਸ ਪੁਲਾੜ ਗੱਡੀ ਤੋਂ ਚਾਰ ਹੋਰ ਪੁਲਾੜ ਯਾਤਰੀਆਂ ਨਾਲ ਧਰਤੀ 'ਤੇ ਵਾਪਸ ਪਰਤਿਆ ਸੀ। 

ਬਣਿਆ ਇਹ ਰਿਕਾਰਡ
ਇਸ ਕਰੂ ਦੇ ਧਰਤੀ ਦਾ ਪੰਧ ਪਾਰ ਕਰਦੇ ਹੀ 60 ਸਾਲਾਂ ਦੇ ਇਤਿਹਾਸ ਵਿਚ 600 ਲੋਕਾਂ ਦੇ ਪੁਲਾੜ ਵਿਚ ਜਾਣ ਦਾ ਰਿਕਾਰਡ ਬਣਿਆ ਹੈ। ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਨੇ ਕਿਹਾ ਕਿ ਬੁੱਧਵਾਰ ਨੂੰ ਪੁਲਾੜ ਲਈ ਰਵਾਨਾ ਹੋਣ ਵਾਲੇ ਚਾਰ ਲੋਕਾਂ ਵਿਚ ਜਰਮਨੀ ਦੇ ਮੈਥਿਆਸ ਮੌਰੇਰ ਵੀ ਸ਼ਾਮਲ ਹਨ, ਜਿਹਨਾਂ ਨੂੰ ਪੁਲਾੜ ਵਿਚ ਜਾਣ ਵਾਲਾ 600ਵਾਂ ਵਿਅਕਤੀ ਦੱਸਿਆ ਗਿਆ ਹੈ। ਉਹਨਾਂ ਨੂੰ ਅਤੇ ਨਾਸਾ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਨੂੰ 24 ਘੰਟਿਆਂ ਵਿੱਚ ਪੁਲਾੜ ਸਟੇਸ਼ਨ ਤੱਕ ਪਹੁੰਚ ਜਾਣਾ ਚਾਹੀਦਾ ਹੈ। ਖਰਾਬ ਮੌਸਮ ਕਾਰਨ ਰਾਕੇਟ ਨੇ ਕਾਫੀ ਦੇਰ ਬਾਅਦ ਉਡਾਣ ਭਰੀ। ਬੁੱਧਵਾਰ ਰਾਤ ਨੂੰ ਬਾਰਿਸ਼ ਦੇ ਵਿਚਕਾਰ ਚਾਰ ਪੁਲਾੜ ਯਾਤਰੀਆਂ ਨੇ ਆਪਣੇ ਪਰਿਵਾਰਾਂ ਨੂੰ ਅਲਵਿਦਾ ਕਿਹਾ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਇਆ 80 ਲੱਖ ਟਨ ਤੋਂ ਵੱਧ 'ਪਲਾਸਟਿਕ ਕੂੜਾ'

ਮੌਸਮ ਵਿਗਿਆਨੀਆਂ ਨੇ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਸ ਵਿੱਚ ਸੁਧਾਰ ਹੋਇਆ ਹੈ। ਗੌਰਤਲਬ ਹੈ ਕਿ ਨਾਸਾ ਦੇ ਪੁਲਾੜ ਯਾਤਰੀ ਸ਼ੇਨ ਕਿਮਬੇਰੋ ਅਤੇ ਮੇਗਨ ਮੈਕਆਰਥਰ, ਜਾਪਾਨ ਦੇ ਅਕੀਹਿਤੋ ਹੋਸ਼ੀਡੇ ਅਤੇ ਫਰਾਂਸ ਦੇ ਥਾਮਸ ਪੇਸਕੇਟ ਦੋ ਦਿਨ ਪਹਿਲਾਂ  ਸਪੇਸਐਕਸ ਕੈਪਸੂਲ ਤੋਂ ਧਰਤੀ 'ਤੇ ਵਾਪਸ ਆਏ ਸਨ। ਉਹ ਪੁਲਾੜ ਸਟੇਸ਼ਨ ਵਿਚ 200 ਦਿਨ ਬਿਤਾਉਣ ਤੋਂ ਬਾਅਦ ਵਾਪਸ ਪਰਤੇ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News