ਫਰਿਜ਼ਨੋ ’ਚ ਗੂੰਜਿਆ ਐੱਸ.ਪੀ. ਸਿੰਘ ਉਬਰਾਏ ਦਾ ਨਾਂ, ਪੰਜਾਬੀ ਭਾਈਚਾਰੇ ਨੇ ''ਸਰਬੱਤ ਦਾ ਭਲਾ'' ਦੇ ਮੁਖੀ ਨੂੰ ਦਿੱਤਾ ਵੱਡਾ ਮਾਣ
Friday, Sep 04, 2026 - 05:54 AM (IST)
ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’) : ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੁਖੀ ਡਾ. ਐੱਸ. ਪੀ. ਸਿੰਘ ਉਬਰਾਏ ਦੇ ਸਨਮਾਨ ਹਿੱਤ ਇੰਡੋ-ਯੂ.ਐੱਸ. ਹੈਰੀਟੇਜ ਵੱਲੋਂ ਮਨਜੀਤ ਕੁਲਾਰ ਦੇ ਸਹਿਯੋਗ ਨਾਲ ਫਰਿਜ਼ਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਡਾ. ਉਬਰਾਏ ਵੱਲੋਂ ਦੇਸ਼-ਵਿਦੇਸ਼ ਵਿੱਚ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’ ਨੇ ਹਾਜ਼ਰੀਨ ਅਤੇ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕੀਤੀ। ਇਸ ਉਪਰੰਤ ਗਾਇਕ ਕਮਲਜੀਤ ਬੈਨੀਪਾਲ ਨੇ ਖੂਬਸੂਰਤ ਗੀਤ ਨਾਲ ਸਮਾਗਮ ਨੂੰ ਸੰਗੀਤਕ ਰੰਗ ਦਿੱਤਾ।

ਇੰਡੋ-ਯੂ.ਐੱਸ. ਹੈਰੀਟੇਜ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਵਿਰਾਸਤੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸੰਸਥਾ ਦੇ ਸਕੱਤਰ ਹੈਰੀ ਮਾਨ ਨੇ ਡਾ. ਐੱਸ. ਪੀ. ਸਿੰਘ ਉਬਰਾਏ ਦੇ ਮਨੁੱਖਤਾ ਪੱਖੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਰਸਵਾਰਥ ਸੇਵਾ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਡਾ. ਅਰਜਨ ਸਿੰਘ ਜੋਸ਼ਨ, ਸੁਰਿੰਦਰ ਸਿੰਘ ਨਿੱਝਰ, ਪਾਲ ਸਹੋਤਾ (ਸਾਬਕਾ ਪ੍ਰਧਾਨ, ਐਨ.ਆਰ.ਆਈ. ਸਭਾ), ਮਹਿੰਦਰ ਸਿੰਘ ਸੰਧਾਵਾਲੀਆ, ਸ਼ਾਇਰ ਹਰਜਿੰਦਰ ਕੰਗ, ਸੁਖਬੀਰ ਭੰਡਾਲ (ਮੈਂਬਰ, ਪੀ.ਸੀ.ਏ.) ਅਤੇ ਗੁਰਜਤਿੰਦਰ ਸਿੰਘ ਰੰਧਾਵਾ (ਐਡੀਟਰ, ਪੰਜਾਬ ਮੇਲ ਯੂ.ਐਸ.ਏ.) ਸ਼ਾਮਲ ਸਨ। ਬੁਲਾਰਿਆਂ ਨੇ ਡਾ. ਉਬਰਾਏ ਦੀ ਸੇਵਾ ਭਾਵਨਾ ਨੂੰ ਮਿਸਾਲੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਹੈ।


ਸਮਾਗਮ ਦੇ ਅਖੀਰ ਵਿੱਚ ਡਾ. ਐੱਸ. ਪੀ. ਸਿੰਘ ਉਬਰਾਏ ਨੇ ਸੰਬੋਧਨ ਕਰਦਿਆਂ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਫਸੇ ਸੈਂਕੜੇ ਨੌਜਵਾਨਾਂ ਨੂੰ ਬਲੱਡ ਮਨੀ ਅਦਾ ਕਰਕੇ ਰਿਹਾਅ ਕਰਵਾਉਣ ਵਿੱਚ ਸੰਸਥਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਮੌਤ ਦਾ ਸ਼ਿਕਾਰ ਹੋਏ ਅਨੇਕਾਂ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੇ ਖਰਚੇ ’ਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਸੇਵਾ ਵੀ ਲਗਾਤਾਰ ਕੀਤੀ ਜਾ ਰਹੀ ਹੈ।



ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣ, ਇਲਾਜ ਲਈ ਮਦਦ ਕਰਨ ਅਤੇ ਹੋਰ ਮਨੁੱਖਤਾ ਪੱਖੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਸੰਸਥਾ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਡਾ. ਉਬਰਾਏ ਨੇ ਕਿਹਾ ਕਿ “ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ” ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਮੁਸ਼ਕਲ ਵਿੱਚ ਹੋਵੇ, ਉਸ ਤੱਕ ਸੰਭਵ ਸਹਾਇਤਾ ਪਹੁੰਚਾਈ ਜਾਵੇ।

ਸਮਾਗਮ ਦੌਰਾਨ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋਂ ਦੁਨੀਆ ਭਰ ਵਿੱਚ ਕੀਤੀਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਨਮਾਨ ਕੀਤਾ ਗਿਆ। ਇਸ ਮੌਕੇ ਇੰਡੋ ਯੂ. ਐਸ. ਵੱਲੋ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਇੰਡੋ ਯੂ. ਐੱਸ ਹੈਰੀਟੇਜ ਦੇ ਸਮੂਹ ਮੈਂਬਰਾਂ ਸਾਧੂ ਸਿੰਘ ਸੰਘਾ, ਨਿਰਮਲ ਸਿੰਘ ਧਨੌਲਾ, ਮਨਜੀਤ ਕੁਲਾਰ, ਸਤਵੰਤ ਵਿਰਕ, ਰਣਜੀਤ ਗਿੱਲ,ਹੈਰੀ ਮਾਨ, ਕੁਲਵਿੰਦਰ ਸਿੰਘ ਢੀਂਡਸਾ, ਮਾਸਟਰ ਸੁਲੱਖਣ ਸਿੰਘ ਧਨੌਲਾ,ਕਮਲਜੀਤ ਬੈਨੀਪਾਲ, ਰਾਜ ਵੈਰੋਕੇ, ਸੰਤੋਖ ਸਿੰਘ ਢਿੱਲੋਂ, ਪੁਸ਼ਪਿੰਦਰ ਪਾਤੜਾਂ ਅਤੇ ਨੀਟਾ ਮਾਛੀਕੇ ਆਦਿ ਦੇ ਨਾਮ ਜ਼ਿਕਰਯੋਗ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
