ਨੈਣਦੀਪ ਸਿੰਘ ਚਾਨ ਦੇ ਡਰੱਗ ਟੈਸਟ ਦੀ ਰਿਪੋਰਟ ਆਈ ਨੈਗੇਟਿਵ, ਸੋਸ਼ਲ ਮੀਡੀਆ ’ਤੇ ਲੱਗ ਰਹੇ ਦੋਸ਼ਾਂ ’ਤੇ ਉੱਠੇ ਸਵਾਲ

Tuesday, Oct 27, 2026 - 12:09 AM (IST)

ਨੈਣਦੀਪ ਸਿੰਘ ਚਾਨ ਦੇ ਡਰੱਗ ਟੈਸਟ ਦੀ ਰਿਪੋਰਟ ਆਈ ਨੈਗੇਟਿਵ, ਸੋਸ਼ਲ ਮੀਡੀਆ ’ਤੇ ਲੱਗ ਰਹੇ ਦੋਸ਼ਾਂ ’ਤੇ ਉੱਠੇ ਸਵਾਲ

ਫਰਿਜ਼ਨੋ, ਕੈਲੀਫੋਰਨੀਆ, (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲੜ ਰਹੇ ਪੰਜਾਬੀ ਭਾਈਚਾਰੇ ਦੇ ਜਾਣੇ-ਪਛਾਣੇ ਆਗੂ ਨੈਣਦੀਪ ਸਿੰਘ ਚਾਨ ਖ਼ਿਲਾਫ਼ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਚੱਲ ਰਹੇ ਨਕਾਰਾਤਮਕ ਪ੍ਰਚਾਰ ਦਰਮਿਆਨ ਉਨ੍ਹਾਂ ਦੀ ਡਰੱਗ ਸਕ੍ਰੀਨਿੰਗ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਜਾਂਚ ਕੀਤੇ ਗਏ ਸਾਰੇ 8 ਨਸ਼ੀਲੇ ਪਦਾਰਥਾਂ ਦੇ ਨਤੀਜੇ ਨੈਗੇਟਿਵ ਦਰਜ ਕੀਤੇ ਗਏ ਹਨ।

ਪ੍ਰਾਪਤ ਮੈਡੀਕਲ ਰਿਪੋਰਟ ਅਨੁਸਾਰ 25 ਅਕਤੂਬਰ 2026 ਨੂੰ ਫਰਿਜ਼ਨੋ ਦੇ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੀ ਲੈਬਾਰਟਰੀ ਵਿੱਚ ਕੀਤੀ ਗਈ ਜਾਂਚ ਦੌਰਾਨ ਐਂਫੈਟਾਮੀਨਜ਼, ਬਾਰਬਿਟੂਰੇਟਸ, ਬੈਂਜ਼ੋਡਾਇਜ਼ੇਪੀਨਜ਼, ਕੈਨਾਬਿਨੋਇਡਜ਼, ਕੋਕੀਨ, ਓਪੀਏਟਸ, ਫੈਂਟਾਨਿਲ ਅਤੇ ਪੀਸੀਪੀ ਸਮੇਤ ਸਾਰੇ ਅੱਠ ਪਦਾਰਥਾਂ ਦੇ ਨਤੀਜੇ ਨੈਗੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਨੈਣਦੀਪ ਸਿੰਘ ਚਾਨ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਫੇਸਬੁੱਕ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਨਸ਼ਿਆਂ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰੀ ਦੀ ਖ਼ਬਰ ਵੀ ਸਾਹਮਣੇ ਆਈ ਸੀ। ਹੁਣ ਨੈਗੇਟਿਵ ਡਰੱਗ ਸਕ੍ਰੀਨਿੰਗ ਰਿਪੋਰਟ ਸਾਹਮਣੇ ਆਉਣ ਨਾਲ ਨਸ਼ਿਆਂ ਦੀ ਵਰਤੋਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਨੈਣਦੀਪ ਸਿੰਘ ਚਾਨ ਨੂੰ ਲੰਮੇ ਸਮੇਂ ਤੋਂ ਜਾਣਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨਜ਼ਦੀਕ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣੇ ਆਉਣਾ ਕਈ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਪਿੱਛੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਚਾਨ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਸਮਰਥਕਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਨਕਾਰਾਤਮਕ ਪ੍ਰਚਾਰ ਚਾਨ ਲਈ ਹਮਦਰਦੀ ਅਤੇ ਸਮਰਥਨ ਵਧਾਉਣ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਵੋਟਰ ਅਫ਼ਵਾਹਾਂ ਦੀ ਬਜਾਏ ਉਮੀਦਵਾਰ ਦੀ ਯੋਗਤਾ, ਕੰਮ ਅਤੇ ਲੋਕ ਸੇਵਾ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਫ਼ੈਸਲਾ ਕਰਨਗੇ।

ਹਾਲਾਂਕਿ ਮੈਡੀਕਲ ਰਿਪੋਰਟ ਵਿੱਚ ਦਰਜ ਨੈਗੇਟਿਵ ਨਤੀਜੇ ਨਸ਼ਿਆਂ ਦੀ ਸਕ੍ਰੀਨਿੰਗ ਨਾਲ ਸਬੰਧਤ ਹਨ। ਇਹ ਨਤੀਜੇ ਆਪਣੇ ਆਪ ਵਿੱਚ ਗ੍ਰਿਫ਼ਤਾਰੀ ਦੇ ਕਾਨੂੰਨੀ ਆਧਾਰ ਜਾਂ ਕਿਸੇ ਸਿਆਸੀ ਸਾਜ਼ਿਸ਼ ਦੀ ਪੁਸ਼ਟੀ ਜਾਂ ਖੰਡਨ ਨਹੀਂ ਕਰਦੇ। ਫਿਲਹਾਲ ਨੈਣਦੀਪ ਸਿੰਘ ਚਾਨ ਦੀ ਮੈਡੀਕਲ ਰਿਪੋਰਟ ਸਾਹਮਣੇ ਆਉਣ ਨਾਲ ਇਸ ਮਾਮਲੇ ਬਾਰੇ ਨਵੀਂ ਚਰਚਾ ਛਿੜ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦੌਰਾਨ ਇਹ ਘਟਨਾਕ੍ਰਮ ਵੋਟਰਾਂ ਦੀ ਰਾਇ ’ਤੇ ਕੀ ਅਸਰ ਪਾਉਂਦਾ ਹੈ।

 


author

Sandeep Kumar

Content Editor

Related News