ਦੱਖਣੀ ਅਫਰੀਕਾ: ਪੁਜਾਰੀਆਂ ''ਤੇ ਕੋਵਿਡ-19 ਪੀੜਤਾਂ ਦੇ ਅੰਤਮ ਸੰਸਕਾਰ ਲਈ ਜ਼ਿਆਦਾ ਚਾਰਜ ਲਗਾਉਣ ਦਾ ਦੋਸ਼

Sunday, Jan 24, 2021 - 06:09 PM (IST)

ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਵਿਚ ਕੁਝ ਹਿੰਦੂ ਪੁਜਾਰੀਆਂ 'ਤੇ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੇ ਅੰਤਮ ਸੰਸਕਾਰ ਲਈ ਜ਼ਿਆਦਾ ਚਾਰਜ ਵਸੂਲੇ ਜਾਣ ਦੇ ਦੋਸ਼ ਲਗਾਏ ਗਏ ਹਨ। ਡਰਬਨ ਵਿਚ ਕਲੇਅਰ ਐਸਟੇਟ ਕ੍ਰਿਮੇਟੋਰੀਅਮ ਵਿਚ ਪ੍ਰਬੰਧਕ ਪ੍ਰਦੀਪ ਰਾਮਲਾਲ ਨੇ ਅਜਿਹਾ ਕਰਨ ਵਾਲੇ ਪੁਜਾਰੀਆਂ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪੁਜਾਰੀ ਅੰਤਮ ਸੰਸਕਾਰ ਲਈ 1200 ਰੇਂਡ (79 ਡਾਲਰ) ਅਤੇ 2000 ਰੇਂਡ (131 ਡਾਲਰ) ਦੇ ਵਿਚ ਚਾਰਜ ਲੈ ਰਹੇ ਹਨ। 

ਦੱਖਣੀ ਅਫਰੀਕਾ ਵਿਚ ਹਿੰਦੂ ਧਰਮ ਐਸੋਸੀਏਸ਼ਨ ਦੇ ਮੈਂਬਰ ਰਾਮਲਾਲ ਨੇ ਕਿਹਾ ਕਿ ਉਹਨਾਂ ਨੂੰ ਕਈ ਅਜਿਹੇ ਕਈ ਪਰਿਵਾਰਾਂ ਤੋਂ ਅੰਤਮ ਸੰਸਕਾਰ ਲਈ ਪੁਜਾਰੀਆਂ ਵੱਲੋਂ ਜ਼ਿਆਦਾ ਚਾਰਜ ਲਏ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਕੋਵਿਡ-19 ਕਾਰਨ ਹੋਈ ਹੈ। ਉਹਨਾਂ ਨੇ 'ਵੀਕਲੀ ਪੋਸਟ' ਅਖ਼ਬਾਰ ਵਿਚ ਕਿਹਾ ਕਿ ਇਹ ਸਹੀ ਨਹੀਂ ਹੈ। ਸਾਡੇ ਸ਼ਾਸਤਰਾਂ ਮੁਤਾਬਕ ਇਹ ਭਾਈਚਾਰੇ ਲਈ ਸਾਡੀ ਸੇਵਾ ਹੈ। ਜੇਕਰ ਕੋਈ ਪਰਿਵਾਰ ਕਿਸੇ ਪੁਜਾਰੀ ਨੂੰ ਦਾਨ ਦੇਣਾ ਚਾਹੁੰਦਾ ਹੈ ਤਾਂ ਇਹ ਠੀਕ ਹੈ ਪਰ ਪੁਜਾਰੀਆਂ ਨੂੰ ਲੋਕਾਂ ਨੂੰ ਵਾਧੂ ਚਾਰਜ ਨਹੀਂ ਲੈਣਾ ਚਾਹੀਦਾ। ਹਾਲ ਹੀ ਦੇ ਹਫਤਿਆਂ ਵਿਚ ਕੋਵਿਡ-19 ਪ੍ਰਕੋਪ ਅਤੇ ਵਾਇਰਸ ਨਵੇਂ ਰੂਪ ਕਾਰਨ ਅੰਤਮ ਸੰਸਕਾਰ ਸਥਲਾਂ 'ਤੇ ਕਰਮੀ ਦੋ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ। 

ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਕਰੀਬ 14 ਲੱਖ ਹੈ। ਉਹਨਾਂ ਨੇ ਭਾਈਚਾਰੇ ਨੂੰ ਕਿਹਾ ਕਿ ਉਹ ਅੱਜ ਦੇ ਮੁਸ਼ਕਲ ਹਾਲਾਤਾਂ ਵਿਚ ਇਸ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਣ ਅਤੇ ਅੰਤਮ ਸੰਸਕਾਰ ਖੁਦ ਹੀ ਕਰ ਲੈਣ। ਇਸ ਲਈ ਉਹ ਪਹਿਲਾਂ ਹੀ ਰਿਕਾਡਿਡ ਵੀਡੀਓ ਦੀ ਮਦਦ ਲੈ ਸਕਦੇ ਹਨ। ਦੱਖਣੀ ਅਫਰੀਕੀ ਹਿੰਦੂ ਮਹਾਸਭਾ ਦੇ ਪ੍ਰਧਾਨ ਅਸ਼ਵਿਨ ਤ੍ਰਿਕਮਜੀ ਨੇ ਕਿਹਾ ਕਿ ਉਹਨਾਂ ਕੋਲ ਸਭਾ ਦੇ ਫੇਸਬੁੱਕ ਪੇਜ 'ਤੇ ਮਾਨਤਾ ਪ੍ਰਾਪਤ ਪੁਜਾਰੀਆਂ ਦੀ ਇਕ ਸੂਚੀ ਹੈ, ਜਿਹਨਾਂ ਨਾਲ ਪਰਿਵਾਰ ਬਿਨਾਂ ਕਿਸੇ ਚਾਰਜ ਦੇ ਅੰਤਮ ਸੰਸਕਾਰ ਕਰਨ ਲਈ ਸੰਪਰਕ ਕਰ ਸਕਦੇ ਹਨ। ਬੀਤੇ ਦੋ ਮਹੀਨਿਆਂ ਵਿਚ ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ ਮਾਮਲੇ ਅਤੇ ਇਨਫੈਕਸ਼ਨ ਕਾਰਨ ਮੌਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇੱਥੇ ਹੁਣ ਤੱਕ ਇਨਫੈਕਸ਼ਨ ਦੇ 13 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨਫੈਕਸ਼ਨ ਨਾਲ 39,501 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਅਗਲੇ ਮਹੀਨੇ ਤੱਕ ਇੱਥੇ ਕੋਵਿਡ-19 ਦੀਆਂ 1.5 ਕਰੋੜ ਤੋਂ ਵੱਧ ਖੁਰਾਕਾਂ ਭੇਜਣ ਵਾਲਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News