ਦੱਖਣੀ ਅਫਰੀਕਾ ਦੀ ਇੰਟਰਪੋਲ ਨੂੰ ਅਪੀਲ, ਗੁਪਤਾ ਭਰਾਵਾਂ ਖ਼ਿਲਾਫ਼ ਰੈੱਡ ਨੋਟਿਸ ਹੋਵੇ ਜਾਰੀ
Friday, Jun 04, 2021 - 10:37 AM (IST)
ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਦੀ ਰਾਸ਼ਟਰੀ ਪ੍ਰੌਸੀਕਿਊਸ਼ਨ ਅਥਾਰਿਟੀ ਨੇ ਇੰਟਰਪੋਲ ਤੋਂ ਭਾਰਤੀ ਮੂਲ ਦੇ ਕਾਰੋਬਾਰੀ ਅਤੁਲ ਅਤੇ ਰਾਜੇਸ਼ ਗੁਪਤਾ, ਉਹਨਾਂ ਦੀਆਂ ਪਤਨੀਆਂ ਅਤੇ ਕਾਰੋਬਾਰੀ ਸਹਿਯੋਗੀਆਂ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਫ੍ਰੀ ਸਟੇਟ ਸੂਬੇ ਵਿਚ ਐਸਟਿਨਾ ਡੇਅਰੀ ਫਾਰਮ ਪ੍ਰਾਜੈਕਟ ਨਾਲ ਜੁੜੇ ਮਨੀ ਲਾਂਡਰਿੰਗ ਅਤੇ 2.5 ਕਰੋੜ ਰੈਂਡ ਦੀ ਧੋਖਾਧੜੀ ਦੇ ਮਾਮਲੇ ਵਿਚ ਕਥਿਤ ਭੂਮਿਕਾ ਕਾਰਨ ਉਹਨਾਂ 'ਤੇ ਮੁਕੱਦਮਾ ਚਲਾਇਆ ਜਾਣਾ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਉਹਨਾਂ ਨੂੰ ਦੱਖਣੀ ਅਫਰੀਕਾ ਲਿਆਂਦਾ ਜਾ ਸਕੇ।
ਜ਼ਿਕਰਯੋਗ ਹੈ ਕਿ ਐਸਟਿਨਾ ਡੇਅਰੀ ਫਾਰਮ ਪ੍ਰਾਜੈਕਟ ਪੂਰੀ ਤਰ੍ਹਾਂ ਅਸਫਲ ਰਿਹਾ ਸੀ। ਇੰਟਰਪੋਲ ਦੀ ਵੈਬਸਾਈਟ ਮੁਤਾਬਕ ਰੈੱਡ ਨੋਟਿਸ ਜਾਰੀ ਕਰਨ ਦਾ ਮਤਲਬ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਨੂੰ ਅਪੀਲ ਕਰਨਾ ਹੈ ਕਿ ਉਹ ਲੋੜੀਂਦੇ ਵਿਅਕਤੀ ਦੀ ਤਲਾਸ਼ ਕਰੇ, ਉਸ ਨੂੰ ਅਸਥਾਈ ਤੌਰ 'ਤੇ ਗ੍ਰਿਫ਼ਤਾਰ ਕਰੇ। ਇਸ ਮਗਰੋਂ ਹਵਾਲਗੀ ਅਤੇ ਹੋਰ ਕਾਨੂੰਨੀ ਕਾਰਵਾਈ ਹੁੰਦੀ ਹੈ। ਅਤੁਲ, ਰਾਜੇਸ਼ ਅਤੇ ਉਹਨਾਂ ਦੇ ਵੱਡੇ ਭਰਾ ਅਜੈ 'ਤੇ ਇਹ ਦੋਸ਼ ਵੀ ਹੈ ਕਿ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨਾਲ ਆਪਣੀ ਕਥਿਤ ਕਰੀਬੀ ਦਾ ਫਾਇਦਾ ਚੁੱਕਦਿਆਂ ਸਰਕਾਰੀ ਨਿਯਮਾਂ ਵਿਚ ਅਰਬਾਂ ਰੈਂਡ ਦੀ ਹੇਰਾਫੇਰੀ ਕੀਤੀ।
ਪੜ੍ਹੋ ਇਹ ਅਹਿਮ ਖਬਰ- ਮਿਸਰ 'ਚ ਬਾਲ ਨਜ਼ਰਬੰਦੀ ਕੇਂਦਰ 'ਚ ਲੱਗੀ ਅੱਗ, 6 ਬੱਚਿਆਂ ਦੀ ਮੌਤ
ਗੁਪਤਾ ਪਰਿਵਾਰ ਮੂਲ ਰੂਪ ਤੋਂ ਭਾਰਤ ਦੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ। ਦੱਖਣੀ ਅਫਰੀਕਾ ਦੀਆਂ ਕਈ ਕੰਪਨੀਆਂ ਦਾ ਕਮਾਂਡ ਉਹਨਾਂ ਦੇ ਹੱਥਾਂ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਦੁਬਈ ਵਿਚ ਸਵੈ-ਜਲਾਵਤਨੀ ਵਿਚ ਹਨ। ਗੁਪਤਾ ਪਰਿਵਾਰ ਦੇ ਕੁਝ ਮੈਂਬਰ ਕਥਿਤ ਤੌਰ 'ਤੇ ਭਾਰਤ ਵਿਚ ਹਨ। ਪਰਿਵਾਰ ਨੇ ਉਹਨਾਂ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰਾਸ਼ਟਰੀ ਪ੍ਰੌਸੀਕਿਊਸ਼ਨ ਅਥਾਰਿਟੀ ਵਿਚ ਇਨਵੈਸਟੀਗੇਸ਼ਨ ਡਾਇਰੈਕਟੋਰੇਟ ਦੀ ਬੁਲਾਰਨ ਸਿੰਡਿਸਿਵੇ ਸੇਬੋਕਾ ਨੇ ਦੱਸਿਆ ਕਿ ਯੂ.ਏ.ਈ. ਅਤੇ ਭਾਰਤ ਨੂੰ ਹਵਾਲਗੀ ਅਪੀਲ ਭੇਜੀ ਗਈ ਹੈ। ਉਹਨਾਂ ਨੇ ਦੱਸਿਆ ਕਿ ਦੱਖਣੀ ਅਫਰੀਕਾ ਦੀ ਭਾਰਤ ਨਾਲ ਹਵਾਲਗੀ ਸੰਧੀ ਹੈ । ਸੇਬੋਕਾ ਨੇ ਦੱਸਿਆ ਕਿ ਐਸਟਿਨਾ ਪ੍ਰਾਜੈਕਟ ਵਿਚ ਆਏ 2.5 ਕਰੋੜ ਰੈਂਡ ਉਸ ਕੰਪਨੀ ਦੇ ਖਾਤੇ ਵਿਚ ਗਏ ਜਿਸ 'ਤੇ ਅਤੁਲ, ਰਾਜੇਸ਼ ਅਤੇ ਉਹਨਾਂ ਦੀਆਂ ਪਤਨੀਆਂ ਕ੍ਰਮਵਾਰ ਚੇਤਾਲੀ ਅਤੇ ਆਰਤੀ ਦਾ ਪੂਰਾ ਕੰਟਰੋਲ ਹੈ।
ਇਨਵੈਸਟੀਗੇਸ਼ਨ ਡਾਇਰੈਕਟੋਰੇਟ ਦੇ ਪ੍ਰਮੁੱਖ ਹਰਮਾਇਨ ਕ੍ਰੋਂਜੇ ਨੇ ਇਕ ਬਿਆਨ ਵਿਚ ਦੱਸਿਆ ਕਿ ਅਥਾਰਿਟੀ ਨੇ ਇੰਟਰਪੋਲ ਨੂੰ ਅਪੀਲ ਕੀਤੀ ਹੈ ਕਿ ਗੁਪਤਾ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਦੇ ਇਲਾਵਾ ਉਹਨਾਂ ਨਾਲ ਜੁੜੀਆਂ ਕੰਪਨੀਆਂ ਦੇ ਨਿਰਦੇਸ਼ਕਾਂ ਅੰਕਿਤ ਜੈਨ, ਰਮੇਸ਼ ਭੱਟ ਅਤੇ ਜਗਦੀਸ਼ ਪਾਰੇਖ ਖ਼ਿਲਾਫ਼ ਵੀ ਰੈੱਡ ਨੋਟਿਸ ਜਾਰੀ ਕੀਤਾ ਜਾਵੇ।ਇਸ ਮਾਮਲੇ ਵਿਚ ਬੈਂਕ ਆਫ ਬੜੌਦਾ ਦੇ ਅਧਿਕਾਰੀ ਰਵਿੰਦਰ ਨਾਥ ਵੀ ਲੋੜੀਂਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।