ਦੱਖਣੀ ਅਫਰੀਕੀ ਅਧਿਕਾਰੀ ਗੁਪਤਾ ਭਰਾਵਾਂ ਦਾ ਦੂਜੇ ਦੇਸ਼ਾਂ ''ਚ ਜਮਾਂ ਪੈਸਾ ਕਰਨਗੇ ਜ਼ਬਤ

Monday, Oct 21, 2019 - 03:15 PM (IST)

ਦੱਖਣੀ ਅਫਰੀਕੀ ਅਧਿਕਾਰੀ ਗੁਪਤਾ ਭਰਾਵਾਂ ਦਾ ਦੂਜੇ ਦੇਸ਼ਾਂ ''ਚ ਜਮਾਂ ਪੈਸਾ ਕਰਨਗੇ ਜ਼ਬਤ

ਜੋਹਾਨਸਬਰਗ (ਭਾਸ਼ਾ)— ਦੱਖਣੀ ਅਫਰੀਕਾ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਗੁਪਤਾ ਭਰਾਵਾਂ ਦੇ ਅਰਬਾਂ ਰੇਂਡ (ਦੱਖਣੀ ਅਫਰੀਕੀ ਮੁਦਰਾ) ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਨਵੇਂ ਸਿਰੇ ਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਗੁਪਤਾ ਭਰਾਵਾਂ ਨੇ ਇਹ ਰਾਸ਼ੀ ਕਥਿਤ ਤੌਰ 'ਤੇ ਸਰਕਾਰੀ ਵਿਭਾਗਾਂ ਦੀ ਮਿਲੀਭਗਤ ਨਾਲ ਗੈਰ ਕਾਨੂੰਨੀ ਸੌਦਿਆਂ ਨਾਲ ਕਮਾਈ ਅਤੇ ਫਿਰ ਦੇਸ਼ ਤੋਂ ਗੈਰ ਕਾਨੂੰਨੀ ਢੰਗ ਨਾਲ ਬਾਹਰ ਭੇਜੀ। 'ਸੰਡੇ ਟਾਈਮਜ਼' ਦੀ ਰਿਪੋਰਟ ਮੁਤਾਬਕ,''ਐਸੇਟ ਫੋਰਫੀਟਰ ਯੂਨਿਟ (ਏ.ਐੱਫ.ਯੂ.) ਨੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲੈਣ ਦਾ ਜ਼ਿਕਰ ਕੀਤਾ ਹੈ।'' ਇਸ ਤੋਂ ਪਹਿਲਾਂ ਅਮਰੀਕੀ ਵਿੱਤ ਵਿਭਾਗ ਨੇ ਗੁਪਤਾ ਭਰਾਵਾਂ ਅਜੈ, ਅਤੁਲ, ਰਾਜੇਸ਼ ਅਤੇ ਉਨ੍ਹਾਂ ਦੇ ਸਹਿਯੋਗੀ ਸਲੀਮ ਐਸਾ 'ਤੇ ਪਿਛਲੇ ਹਫਤੇ ਪਾਬੰਦੀਆਂ ਲਗਾਈਆਂ ਸਨ।

ਅਮਰੀਕੀ ਵਿੱਤ ਵਿਭਾਗ ਨੇ ਕਿਹਾ ਕਿ ਗੁਪਤਾ ਪਰਿਵਾਰ ਇਕ ਭ੍ਰਿਸ਼ਟ ਨੈੱਟਵਰਕ ਦੇ ਮੈਂਬਰ ਹਨ ਅਤੇ ਉਨ੍ਹਾਂ ਨੇ ਸਰਕਾਰੀ ਠੇਕਿਆਂ, ਰਿਸ਼ਵਤ ਅਤੇ ਹੋਰ ਭ੍ਰਿਸ਼ਟ ਗਤੀਵਿਧੀਆਂ ਜ਼ਰੀਏ ਜ਼ਿਆਦਾ ਭੁਗਤਾਨ ਲਿਆ ਅਤੇ ਉਸ ਦੀ ਵਰਤੋਂ ਰਾਜਨੀਤਕ ਭੁਗਤਾਨਾਂ ਲਈ ਅਤੇ ਸਰਕਾਰੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਵਿਚ ਕੀਤੀ। ਗੁਪਤਾ ਪਰਿਵਾਰ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ। ਦੱਖਣੀ ਅਫਰੀਕਾ ਵਿਚ ਬੀਤੇ ਦੋ ਦਹਾਕਿਆਂ ਵਿਚ ਉਸ ਨੇ ਆਈ.ਟੀ., ਮੀਡੀਆ ਅਤੇ ਖਣਨ ਉਦਯੋਗਾਂ ਜ਼ਰੀਏ ਕਾਫੀ ਪੈਸਾ ਕਮਾਇਆ। ਦੋਸ਼ ਹੈ ਕਿ ਕਮਾਈ ਲਈ ਗੁਪਤਾ ਪਰਿਵਾਰ ਨੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨਾਲ ਨਜ਼ਦੀਕੀ ਦਾ ਫਾਇਦਾ ਚੁੱਕਿਆ। 

ਜੁਮਾ ਖੁਦ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਗੁਪਤਾ ਭਰਾ ਦੁਬਈ ਭੱਜ ਚੁੱਕੇ ਹਨ ਅਤੇ ਹੁਣ ਰਿਣਦਾਤਾਵਾਂ ਦੇ ਭੁਗਤਾਨ ਲਈ ਦੱਖਣੀ ਅਫਰੀਕਾ ਵਿਚ ਉਨ੍ਹਾਂ ਦੀਆਂ ਜਾਇਦਾਦਾਂ ਦੀ ਨੀਲਾਮੀ ਕੀਤੀ ਜਾ ਸਕਦੀ ਹੈ ਪਰ ਏ.ਐੱਫ.ਯੂ. ਦੀ ਨਜ਼ਰ ਉਸ ਰਾਸ਼ੀ 'ਤੇ ਹੈ ਜੋ ਗੁਪਤਾ ਭਰਾਵਾਂ ਨੇ ਅਮਰੀਕਾ, ਬ੍ਰਿਟੇਨ ਅਤੇ ਯੂ.ਏ.ਈ. ਭੇਜੀ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਕਿ ਏ.ਐੱਫ.ਯੂ. ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਭੇਜੀ ਗਈ ਰਾਸ਼ੀ ਨੂੰ ਵਾਪਸ ਪਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਅਤੇ ਇਸ ਵਿਚ ਅਮਰੀਕੀ ਅਧਿਕਾਰੀ ਸਹਿਯੋਗ ਕਰ ਰਹੇ ਹਨ। ਏ.ਐੱਫ.ਯੂ. ਬ੍ਰਿਟੇਨ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਵੀ ਮਦਦ ਲੈ ਰਿਹਾ ਹੈ।


author

Vandana

Content Editor

Related News