ਓਮੀਕਰੋਨ ਦੀ ਦਹਿਸ਼ਤ, ਅਮਰੀਕਾ ''ਚ ਹੁਣ 16-17 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼

Monday, Dec 13, 2021 - 01:46 PM (IST)

ਵਾਸ਼ਿੰਗਟਨ: ਕੋਰੋਨ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ ਚਿੰਤਾਵਾਂ ਦੇ ਵਿਚਕਾਰ ਅਮਰੀਕਾ ਵਿਚ 16 ਅਤੇ 17 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਵੈਕਸੀਨ ਦੀ ਬੂਸਟਰ ਖ਼ੁਰਾਕ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਹਿਲਾਂ ਸਿਰਫ਼ ਬਾਲਗ ਇਸ ਲਈ ਯੋਗ ਸਨ, ਪਰ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ. ਡੀ. ਏ.) ਨੇ ਨਾਬਾਲਗਾਂ ਨੂੰ ਵੀ ਫਾਈਜ਼ਰ ਦੀ ਵੈਕਸੀਨ ਦੀ ਬੂਸਟਰ ਖ਼ੁਰਾਕ ਲਈ ਯੋਗ ਦੱਸਿਆ ਹੈ। FDA ਨੇ ਕਿਹਾ ਕਿ ਉਸ ਨੇ Pfizer Inc. (PFE.N) ਅਤੇ BioNTech SE ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਵਿਚ ਸੋਧ ਕੀਤੀ ਹੈ ਤਾਂ ਜੋ 16-17 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੀ ਦੂਜੀ ਖ਼ੁਰਾਕ ਤੋਂ ਘੱਟੋ-ਘੱਟ 6 ਮਹੀਨੇ ਬਾਅਦ ਵੈਕਸੀਨ ਦੀ ਬੂਸਟਰ ਖ਼ੁਰਾਕ ਮਿਲ ਸਕੇ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੀ.ਡੀ.ਸੀ. ਦੇ ਨਿਰਦੇਸ਼ਕ ਰੋਸ਼ੇਲ ਵੈਲੇਨਸਕੀ ਨੇ ਇਕ ਬਿਆਨ ਵਿਚ ਕਿਹਾ, 'ਹਾਲਾਂਕਿ ਸਾਡੇ ਕੋਲ ਓਮੀਕਰੋਨ ਵੇਰੀਐਂਟ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ, ਪਰ ਸ਼ੁਰੂਆਤੀ ਡੇਟਾ ਤੋਂ ਪਤਾ ਲੱਗਦਾ ਹੈ ਕਿ ਵੈਕਸੀਨ ਦੀ ਬੂਸਟਰ ਖ਼ੁਰਾਕ ਓਮੀਕਰੋਨ ਅਤੇ ਹੋਰ ਰੂਪਾਂ ਦੇ ਵਿਰੁੱਧ ਸੁਰੱਖਿਆ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਵਿਚ ਮਦਦ ਕਰਦੀ ਹੈ।' ਉਨ੍ਹਾਂ ਨੇ 16 ਅਤੇ 17 ਸਾਲ ਦੀ ਉਮਰ ਦੇ ਸਾਰੇ ਯੋਗ ਨਾਬਾਲਗਾਂ ਨੂੰ ਵੈਕਸੀਨ ਦੀ ਬੂਸਟਰ ਖ਼ੁਰਾਕ ਲੈਣ ਲਈ ਉਤਸ਼ਾਹਿਤ ਕੀਤਾ ਪਰ ਅਜੇ ਤੱਕ ਛੋਟੇ ਬੱਚਿਆਂ ਨੂੰ ਬੂਸਟਰ ਵੈਕਸੀਨ ਕਦੋਂ ਮਿਲ ਸਕਦੀ ਹੈ ਇਸ ਬਾਰੇ ਕੋਈ ਜਾਣਕਾਰੀ ਅਤੇ ਅਧਿਕਾਰਤ ਸਮਾਂ-ਸੀਮਾ ਨਹੀਂ ਹੈ। ਜ਼ਿਆਦਾਤਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿਚ ਕੁਝ ਸਮਾਂ ਲੱਗ ਸਕਦਾ ਹੈ। ਅਮਰੀਕਾ ਵਿਚ ਇਸ ਉਮਰ ਸਮੂਹ ਵਿਚ ਲਗਭਗ 47 ਲੱਖ ਨਾਬਾਲਗਾਂ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਲਗਭਗ 25 ਲੱਖ ਨਾਬਾਲਗਾਂ ਨੂੰ ਦੂਜੀ ਖ਼ੁਰਾਕ ਲਏ ਹੋਏ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ  ਹੈ। ਇਸ ਉਮਰ ਸਮੂਹ ਦੇ ਲੋਕਾਂ ਨੂੰ ਸਿਰਫ਼ Pfizer/BioNTech ਵੈਕਸੀਨ ਦੀ ਬੂਸਟਰ ਖ਼ੁਰਾਕ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਦੌਰਾਨ ਕੁਝ ਵਿਗਿਆਨੀਆਂ ਨੇ ਵਾਧੂ ਖ਼ੁਰਾਕ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨੌਜਵਾਨਾਂ ਦੇ ਦਿਲ 'ਚ ਸੋਜ ਦਾ ਖ਼ਤਰਾ ਵੱਧ ਸਕਦਾ ਹੈ।


cherry

Content Editor

Related News