ਹਸਪਤਾਲ ਤੋਂ ਡਿਸਚਾਰਜ ਮਰੀਜ਼ਾਂ ਨੂੰ ਮੁੜ ਬੀਮਾਰ ਕਰ ਰਿਹੈ ਕੋਰੋਨਾਵਾਇਰਸ

02/22/2020 9:59:51 PM

ਬੀਜਿੰਗ- ਚੀਨ ਵਿਚ ਕਹਿਰ ਵਰ੍ਹਾ ਰਿਹਾ ਕੋਰੋਨਾਵਾਇਰਸ ਉਹਨਾਂ ਲੋਕਾਂ ਨੂੰ ਦੁਬਾਰਾ ਬੀਮਾਰ ਬਣਾ ਰਿਹਾ ਹੈ, ਜਿਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਦੇ ਚੇਂਗਦੂ ਸ਼ਹਿਰ ਵਿਚ ਇਕ ਸ਼ਖਸ ਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿਸ ਨੂੰ ਬੀਮਾਰੀ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸੀ। ਹਸਪਤਾਲ ਵਿਚ ਦੁਬਾਰਾ ਦਾਖਲ ਕਰਵਾਏ ਗਏ ਸ਼ਖਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ। ਸ਼ਹਿਰ ਦੇ ਪਬਲਿਕ ਹੈਲਥ ਡਾਇਗਨੋਸਟਿਕ ਸੈਂਟਰ ਨੇ ਇਹ ਜਾਣਕਾਰੀ ਦਿੱਤੀ ਹੈ।

ਪੱਤਰਕਾਰ ਏਜੰਸੀ ਰਾਈਟਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਮਰੀਜ਼ ਨੂੰ ਡਿਸਚਾਰਜ ਕੀਤੇ ਜਾਣ ਤੋਂ 10 ਦਿਨ ਬਾਅਦ ਕੀਤੀ ਗਈ ਜਾਂਚ ਵਿਚ ਉਸ ਦੇ ਕੋਰੋਨਾਵਾਇਰਸ ਨਾਲ ਇੰਫੈਕਟਡ ਹੋਣ ਦੀ ਗੱਲ ਸਾਹਮਣੇ ਆਈ ਹੈ। ਅਜਿਹਾ ਨਹੀਂ ਹੈ ਕਿ ਚੀਨ ਵਿਚ ਇਹ ਆਪਣੀ ਤਰ੍ਹਾਂ ਦੀ ਕੋਈ ਇਕਲੌਤੀ ਘਟਨਾ ਹੈ। ਅਧਿਕਾਰਿਤ ਬਿਆਨ ਵਿਚ ਕਿਹਾ ਗਿਆ ਹੈ ਕਿ ਦੂਜੇ ਇਲਾਕਿਆਂ ਤੋਂ ਵੀ ਅਜਿਹੀਆਂ ਹੀ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਹਨ। ਚੀਨ ਦੇ ਅਖਬਾਰ ਪੀਪਲਸ ਡੇਲੀ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਵੀ ਡਿਸਚਾਰਜ ਕੀਤੇ ਜਾ ਚੁੱਕੇ ਮਰੀਜ਼ ਵਿਚ ਦੁਬਾਰਾ ਕੋਰੋਨਾਵਾਇਰਸ ਦੀ ਪੁਸ਼ਟੀ ਨਮੂਨਿਆਂ ਵਿਚ ਫਰਕ ਦੇ ਕਾਰਨ ਹੋ ਸਕਦੀ ਹੈ।

ਹਾਲਾਂਕਿ ਅਧਿਕਾਰਿਤ ਗਾਈਡਲਾਈਨ ਵਿਚ ਕਿਹਾ ਗਿਆ ਹੈ ਕਿ ਡਿਸਚਾਰਜ ਕੀਤੇ ਗਏ ਮਰੀਜ਼ਾਂ ਦੀ ਦੁਬਾਰਾ ਜਾਂਚ ਨੈਗੇਟਿਵ ਆਉਣੀ ਚਾਹੀਦੀ ਹੈ। ਅਜਿਹੇ ਵਿਚ ਵਾਇਰਸ ਦੇ ਇਸ ਵਿਵਹਾਰ ਨਾਲ ਡਾਕਟਰ ਵੀ ਹੈਰਾਨ ਹਨ। ਅਖਬਾਰ ਪੀਪਲ ਡੇਲੀ ਨੇ ਸਿਚੁਆਨ ਸੂਬੇ ਵਿਚ ਵਾਇਰਸ ਦੇ ਕਾਰਨ ਹੋਣ ਵਾਲੇ ਨਿਮੋਨੀਆ ਦਾ ਇਲਾਜ ਕਰ ਰਹੇ ਇਕ ਡਾਕਟਰ ਦੇ ਹਵਾਲੇ ਨਾਲ ਕਿਹਾ ਹੈ ਕਿ ਹਸਪਤਾਲਾਂ ਨੇ ਮਰੀਜ਼ਾਂ ਨੂੰ ਛੁੱਟੀ ਦੇਣ ਤੋਂ ਪਹਿਲਾਂ ਹੋਣ ਵਾਲੀ ਜਾਂਚ ਵਿਚ ਨੱਕ ਤੇ ਗਲੇ ਦੀ ਸੋਜ ਦੇ ਪ੍ਰੀਖਣ ਦੀ ਵਰਤੋਂ ਕੀਤੀ ਪਰ ਹੁਣ ਫੇਫੜਿਆਂ ਦੇ ਨਮੂਨਿਆਂ ਦੀ ਜਾਂਚ ਵੀ ਜ਼ਰੂਰੀ ਹੈ।

ਇਕ ਦੂਜੀ ਘਟਨਾ ਹੁਬੇਈ ਸੂਬੇ ਤੋਂ ਸਾਹਮਣੇ ਆਈ ਹੈ, ਜਿਸ ਵਿਚ ਇਕ 70 ਸਾਲਾ ਵਿਅਕਤੀ ਵਿਚ 27 ਦਿਨਾਂ ਤੱਕ ਕੋਰੋਨਾਵਾਇਰਸ ਦਾ ਲੱਛਣ ਨਜ਼ਰ ਨਹੀਂ ਆਇਆ। ਬਾਅਦ ਵਿਚ ਉਹ ਕੋਰੋਨਾਵਾਇਰਸ ਨਾਲ ਇੰਫੈਕਟਜ ਪਾਇਆ ਗਿਆ। ਇਹਨਾਂ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੁਝਾਅ ਦਿੱਤਾ ਹੈ ਕਿ ਹਸਪਤਾਲ ਤੋਂ ਜਿਹਨਾਂ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਉਹਨਾਂ ਦੀ ਸਿਹਤ ਦੀ ਨਿਗਰਾਨੀ ਅਗਲੇ 14 ਦਿਨਾਂ ਤੱਕ ਕਰਨੀ ਜ਼ਰੂਰੀ ਹੈ। ਇਸ ਦੌਰਾਨ ਮਰੀਜ਼ਾਂ ਨੂੰ ਬਾਹਰ ਦੇ ਲੋਕਾਂ ਨਾਲ ਮੇਲ ਮੁਲਾਕਾਤ ਨਹੀਂ ਕਰਨੀ ਚਾਹੀਦਾ ਤੇ ਹਮੇਸ਼ਾ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸਥਾਨਕ ਸਰਕਾਰ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਇੰਕਿਊਬੇਸ਼ਨ ਪੀਰੀਅਡ 14 ਦਿਨਾਂ ਤੋਂ ਵੀ ਜ਼ਿਆਦਾ ਹੋ ਸਕਦਾ ਹੈ।


Baljit Singh

Content Editor

Related News