ਫੌਜੀਆਂ ਨੇ ਦਿਖਾਈ ਦਰਿਆਦਿਲੀ, ਇੰਝ ਕੀਤੀ ਔਰਤ ਦੀ ਮਦਦ

02/20/2018 2:18:56 PM

ਵਾਸ਼ਿੰਗਟਨ (ਬਿਊਰੋ)— ਆਮ ਤੌਰ 'ਤੇ ਫੌਜੀਆਂ ਨੂੰ ਸਖਤ ਸੁਭਾਅ ਅਤੇ ਸਖਤ ਦਿਲ ਵਾਲਾ ਸਮਝਿਆ ਜਾਂਦਾ ਹੈ। ਇਸ ਸੋਚ ਨੂੰ ਨਿਊਯਾਰਕ ਦੇ ਦੌ ਫੌਜੀਆਂ ਨੇ ਗਲਤ ਸਿੱਧ ਕੀਤਾ ਹੈ। ਨਿਊਯਾਰਕ ਦੇ ਦੌ ਫੌਜੀਆਂ ਨੇ ਆਪਣੀ ਦਰਿਆਦਿਲੀ ਦਿਖਾਉਂਦੇ ਹੋਏ ਇਕ ਔਰਤ ਨੂੰ ਆਪਣੀ ਬਚਪਨ ਦੀ ਦੋਸਤ ਦੇ ਸੰਸਕਾਰ ਵਿਚ ਸ਼ਾਮਲ ਹੋਣ ਲਈ ਪੈਸਿਆਂ ਦੀ ਮਦਦ ਕੀਤੀ। ਇਸ ਔਰਤ ਦੀ ਦੋਸਤ ਦੀ ਮੌਤ ਫਲੋਰੀਡਾ ਸਕੂਲ ਵਿਚ ਗੋਲੀਬਾਰੀ ਦੌਰਾਨ ਹੋਈ ਸੀ। ਉਸ ਦਾ ਸੰਸਕਾਰ ਫਲੋਰੀਡਾ ਵਿਚ ਹੋਣਾ ਸੀ ਪਰ ਉੱਥੇ ਪਹੁੰਚਣ ਲਈ ਔਰਤ ਕੋਲ ਪੈਸੇ ਨਹੀਂ ਸਨ। 
ਰੌਬਰਟ ਟ੍ਰਾਏ ਅਤੇ ਥਾਮਸ ਕਰੈਸਿੰਸਕੀ ਵੀਰਵਾਰ ਨੂੰ 23 ਸਾਲਾ ਜੌਰਡਨਾ ਜੂਡਸਨ ਨਾਲ ਲਾਗਾਡਰੀਆ ਹਵਾਈ ਅੱਡੇ 'ਤੇ ਮਿਲੇ। ਇਹ ਫਲੋਰੀਡਾ ਸਕੂਲ ਵਿਚ ਹੋਈ ਗੋਲੀਬਾਰੀ ਦੇ ਇਕ ਦਿਨ ਬਾਅਦ ਦੀ ਗੱਲ ਹੈ। ਜੌਰਡਨਾ ਨੇ ਵੀ ਇਸੇ ਸਕੂਲ ਤੋਂ ਗ੍ਰੇਜੂਏਸ਼ਨ ਕੀਤੀ ਹੈ। ਜੌਰਡਨਾ ਦੀ ਦੋਸਤ ਮੇਡੋ ਪੋਲੇਕ ਸਕੂਲੀ ਗੋਲੀਬਾਰੀ ਵਿਚ ਹਮਲਾਵਰਾਂ ਦੀਆਂ ਗੋਲੀਆਂ ਦੀ ਸ਼ਿਕਾਰ ਹੋ ਗਈ ਸੀ। ਜੌਰਡਨਾ ਨੇ ਦੱਸਿਆ ਕਿ ਮੇਡੋ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ। ਉਹ ਉਸ ਲਈ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਦੋਸਤ ਦੇ ਸੰਸਕਾਰ ਵਿਚ ਜਾਣ ਲਈ ਜੌਰਡਨਾ ਨੇ ਫਲੋਰੀਡਾ ਲਈ ਫਲਾਈਟ ਦੀ ਟਿਕਟ ਖਰੀਦਣੀ ਸੀ, ਜਿਸ ਦੀ ਕੀਮਤ 700 ਡਾਲਰ ਸੀ। ਜੌਰਡਨਾ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਫਲਾਈਟ ਦੀ ਟਿਕਟ ਖਰੀਦ ਸਕੇ। ਜੌਰਡਨਾ ਨੇ ਏਅਰਲਾਈਨਜ਼ ਕੰਪਨੀ ਨੂੰ ਆਪਣੀ ਮਜ਼ਬੂਰੀ ਦੱਸੀ ਅਤੇ ਕੁਝ ਛੋਟ ਦੇਣ ਦੀ ਅਪੀਲ ਕੀਤੀ। ਏਅਰਲਾਈਨਜ਼ ਕੰਪਨੀ ਨੇ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਰੌਬਰਟ ਟ੍ਰਾਏ ਅਤੇ ਥਾਮਸ ਕਰੈਂਸਿੰਸਕੀ ਉੱਥੇ ਮੌਜੂਦ ਸਨ। ਦੋਹਾਂ ਨੇ ਆਪਣੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਕੇ ਟਿਕਟ ਖਰੀਦਣ ਵਿਚ ਜੌਰਡਨਾ ਦੀ ਮਦਦ ਕੀਤੀ। ਜੌਰਡਨਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ ਪਰ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਦੁੱਖ ਦੇ ਇਸ ਸਮੇਂ ਵਿਚ ਆਪਣੀ ਦੋਸਤ ਦੇ ਪਰਿਵਾਰ ਨਾਲ ਹੋਣਾ ਚਾਹੀਦਾ ਹੈ।


Related News