ਕ੍ਰੋਏਸ਼ੀਆ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਚਾਰ ਲੋਕਾਂ ਦੀ ਮੌਤ
Monday, May 30, 2022 - 06:11 PM (IST)
ਜ਼ਗਰੇਬ (ਭਾਸ਼ਾ)- ਕ੍ਰੋਏਸ਼ੀਆ ਵਿੱਚ ਹਫ਼ਤੇ ਦੇ ਅੰਤ ਵਿੱਚ ਰਾਡਾਰ ਤੋਂ ਗਾਇਬ ਹੋਏ ਇੱਕ ਛੋਟੇ ਜਹਾਜ਼ ਦਾ ਮਲਬਾ ਮਿਲਿਆ ਹੈ, ਜਿਸ ਵਿੱਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਵਲ ਡਿਫੈਂਸ ਟੀਮਾਂ ਦੇ ਮੁਖੀ ਦਾਮੀਰ ਟਰੂਟ ਨੇ ਕਿਹਾ ਕਿ ਖੋਜ ਟੀਮ ਨੂੰ ਸੇਸਨਾ 182 ਜਹਾਜ਼ ਮੱਧ ਕ੍ਰੋਏਸ਼ੀਆ ਵਿੱਚ ਬ੍ਰੋਕਨੈਕ ਨੇੜੇ ਮਿਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਆਸਮਾਨ 'ਚ ਉੱਡ ਰਿਹਾ ਸੀ ਜਹਾਜ਼ ਅਤੇ ਪਾਇਲਟਾਂ ਨੂੰ ਆ ਗਈ ਨੀਂਦ, ਦੋ ਦੇਸ਼ਾਂ ਨੂੰ ਪਈਆਂ ਭਾਜੜਾਂ
ਟਰੂਟ ਨੇ ਕਿਹਾ ਕਿ ਜਿਵੇਂ ਹੀ ਜਹਾਜ਼ ਨੂੰ ਉਪਰੋਂ (ਡਰੋਨ ਤੋਂ) ਦੇਖਿਆ ਗਿਆ, ਉਵੇਂ ਹੀ ਸਰਚ ਟੀਮ ਮੌਕੇ 'ਤੇ ਪਹੁੰਚ ਗਈ। ਬਦਕਿਸਮਤੀ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਟਰੂਟ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਨਾਗਰਿਕਤਾ ਦਾ ਖੁਲਾਸਾ ਨਹੀਂ ਕੀਤਾ। ਸਰਕਾਰੀ ਐਚਆਰਟੀ ਟੈਲੀਵਿਜ਼ਨ ਨੇ ਕਿਹਾ ਕਿ ਵਿਅਕਤੀਆਂ ਵਿੱਚ ਇੱਕ ਸਵਿਸ ਨਾਗਰਿਕ, ਦੋ ਜਰਮਨ ਅਤੇ ਇੱਕ ਕ੍ਰੋਏਸ਼ੀਆਈ ਨਾਗਰਿਕ ਸ਼ਾਮਲ ਹਨ। ਇਹ ਜਹਾਜ਼ ਐਤਵਾਰ ਨੂੰ ਸਪਲਿਟ ਦੇ ਐਡਰਿਆਟਿਕ ਸਮੁੰਦਰੀ ਬੰਦਰਗਾਹ ਤੋਂ ਜਰਮਨੀ ਵੱਲ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਖੇਤਰ 'ਚ ਮੌਸਮ ਖਰਾਬ ਸੀ ਅਤੇ ਪਾਇਲਟ ਨੇ ਕਰੈਸ਼ ਹੋਣ ਤੋਂ ਪਹਿਲਾਂ ਮਦਦ ਲਈ ਅਪੀਲ ਭੇਜੀ ਸੀ।