ਜਗਮੀਤ ਦਾ ਵਾਅਦਾ, ਪ੍ਰਧਾਨ ਮੰਤਰੀ ਬਣਨ ''ਤੇ ਪਰਵਾਸੀਆਂ ਲਈ ਕਰਨਗੇ ਇਹ ਕੰਮ

Sunday, Sep 08, 2019 - 09:04 PM (IST)

ਜਗਮੀਤ ਦਾ ਵਾਅਦਾ, ਪ੍ਰਧਾਨ ਮੰਤਰੀ ਬਣਨ ''ਤੇ ਪਰਵਾਸੀਆਂ ਲਈ ਕਰਨਗੇ ਇਹ ਕੰਮ

ਓਟਾਵਾ— ਕੈਨੇਡਾ 'ਚ ਫੈਡਰਲ ਚੋਣਾਂ ਨੇੜੇ ਹਨ ਤੇ ਆਮ ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਸਿਆਸੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਚੋਣਾਂ ਦੇ ਮੱਦੇਨਜ਼ਰ ਤਾਜ਼ਾ ਵਾਅਦਾ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਦਾ ਸਾਹਮਣੇ ਆਇਆ ਹੈ। ਜਗਮੀਤ ਸਿੰਘ ਨੇ ਆਮ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਕਿਊਬਿਕ ਇੰਮੀਗ੍ਰੇਸ਼ਨ ਨੂੰ ਵਧੇਰੇ ਫੰਡ ਮੁਹੱਈਆ ਕਰਵਾਉਣਗੇ ਤਾਂ ਜੋ ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਪਰਵਾਸੀਆਂ ਨੂੰ ਸੈਟਲ ਕਰਨ 'ਚ ਮਦਦ ਮਿਲੇ।

ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਊਬਿਕ ਦੀ ਇੰਮੀਗ੍ਰੇਸ਼ਨ ਫੰਡਿੰਗ ਨੂੰ ਹੁਲਾਰਾ ਦੇਵੇਗੀ ਤਾਂ ਜੋ ਕਿਊਬਿਕ 'ਚ ਪਰਵਾਸੀ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਸ਼ਨੀਵਾਰ ਨੂੰ ਡ੍ਰਮੋਂਡਵਿਲੇ 'ਚ ਇਸ ਬਾਰੇ ਐਲਾਨ ਕਰਦਿਆਂ ਸਿੰਘ ਨੇ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਉਹ ਪਰਵਾਸੀਆਂ ਦੀ ਸੈਟਲਮੈਂਟ ਸਰਵਿਸ 'ਚ ਸੁਧਾਰ ਕਰਨ ਲਈ ਕਿਊਬਿਕ 'ਚ ਫੈਡਰਲ ਇੰਮੀਗ੍ਰੇਸ਼ਨ ਦਾ ਭੁਗਤਾਨ 73 ਮਿਲੀਅਨ ਡਾਲਰ ਤੱਕ ਵਧਾਉਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲਿਬਰਲ ਆਗੂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਆਮ ਜਨਤਾ ਨਾਲ ਵਾਅਦਾ ਕਰ ਚੁੱਕੇ ਹਨ ਕਿ ਜੇਕਰ ਉਹ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਨਾ ਸਿਰਫ ਫੋਨਾਂ ਦੀ ਗਿਣਤੀ ਘਟਾਵੇਗੀ ਬਲਕਿ ਇੰਟਰਨੈੱਟ ਦੇ ਰੇਟ 'ਚ ਵੀ ਕਟੌਤੀ ਕੀਤੀ ਜਾਵੇਗੀ।

ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੀ ਰਿਪੋਰਟ ਦੇ ਅਨੁਸਾਰ ਸੂਬਾ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਮੁਤਾਬਕ ਸੂਬੇ ਨੂੰ ਹਰ ਖੇਤਰ 'ਚ ਬੀਤੇ ਚਾਰ ਮਹੀਨਿਆਂ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ 4 ਫੀਸਦੀ ਕਾਮਿਆਂ ਦੀ ਲੋੜ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਗਿਣਤੀ 1,20,000 ਬਣਦੀ ਹੈ।


author

Baljit Singh

Content Editor

Related News