ਸਿੰਗਾਪੁਰ 'ਚ ਇਹ ਗਲਤੀ ਤੁਹਾਨੂੰ ਵੀ ਪੈ ਸਕਦੀ ਹੈ ਮਹਿੰਗੀ

Saturday, Nov 10, 2018 - 01:08 PM (IST)

ਸਿੰਗਾਪੁਰ(ਏਜੰਸੀ)— ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਆਪੋ-ਆਪਣੇ ਕਾਨੂੰਨ ਹਨ। ਉੱਥੋਂ ਦੇ ਬਸ਼ਿੰਦਿਆਂ ਨੂੰ ਇੱਥੋਂ ਦੇ ਕਾਨੂੰਨ ਮੁਤਾਬਕ ਹੀ ਰਹਿਣ-ਸਹਿਣ ਅਤੇ ਜੀਵਨ-ਜਾਂਚ ਨੂੰ ਢਾਲਣਾ ਪੈਂਦਾ ਹੈ। ਇਸੇ ਤਰ੍ਹਾਂ ਸਿੰਗਾਪੁਰ ਦੇ ਬਹੁਤ ਸਾਰੇ ਕਾਨੂੰਨ ਅਜਿਹੇ ਹਨ, ਜਿਨ੍ਹਾਂ ਬਾਰੇ ਕਈ ਲੋਕ ਨਹੀਂ ਜਾਣਦੇ ਹੋਣਗੇ। ਭਾਰਤੀਆਂ ਦੀ ਗੱਲ ਕਰੀਏ ਤਾਂ ਕਾਫੀ ਭਾਰਤੀ ਸਿੰਗਾਪੁਰ 'ਚ ਰਹਿੰਦੇ ਹਨ ਅਤੇ ਕਈ ਇੱਥੇ ਜਾਣ ਦੀਆਂ ਤਿਆਰੀਆਂ ਵੀ ਕਰ ਰਹੇ ਹੋਣਗੇ। ਇਸ ਲਈ ਇਹ ਖਬਰ ਉਨ੍ਹਾਂ ਲਈ ਖਾਸ ਹੈ। ਸਿੰਗਾਪੁਰ 'ਚ 1972 ਤੋਂ ਪਟਾਕੇ ਚਲਾਉਣ 'ਤੇ ਰੋਕ ਹੈ ਪਰ ਇੱਥੇ ਰਹਿੰਦੇ ਭਾਰਤੀ ਕਈ ਵਾਰ ਇਸ ਕਾਨੂੰਨ ਦੀ ਉਲੰਘਣਾ ਕਰ ਬੈਠਦੇ ਹਨ ਅਤੇ ਫਿਰ ਉਨ੍ਹਾਂ ਨੂੰ ਸਜ਼ਾ ਭੁਗਤਣੀ ਪੈਂਦੀ ਹੈ।


ਇਸੇ ਤਰ੍ਹਾਂ ਦੇ ਮਾਮਲੇ ਇਸ ਦੀਵਾਲੀ 'ਤੇ ਵੀ ਸਿੰਗਾਪੁਰ 'ਚ ਦੇਖਣ ਨੂੰ ਮਿਲੇ। ਇੱਥੋਂ ਦੀ ਇਕ ਅਦਾਲਤ ਨੇ ਦੀਵਾਲੀ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਭਾਰਤੀ ਮੂਲ ਦੇ 4 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਦੋ ਹੋਰ ਭਾਰਤੀਆਂ 'ਤੇ ਵੀ ਇਹ ਦੋਸ਼ ਲੱਗ ਚੁੱਕੇ ਹਨ। ਬੀਤੇ ਮੰਗਲਵਾਰ ਨੂੰ ਇੱਥੇ ਦੀਵਾਲੀ ਮਨਾਈ ਗਈ ਅਤੇ ਯੀਸ਼ੁਨ, ਬੁਕਿਟ ਬਟੋਕ ਵੈੱਸਟ ਅਤੇ ਜ਼ੂ ਸੇਂਗ ਰੋਡ 'ਚ 3 ਵੱਖ-ਵੱਖ ਘਟਨਾਵਾਂ 'ਚ ਗੈਰ-ਸੰਵਿਧਾਨਕ ਤਰੀਕੇ ਨਾਲ 6 ਭਾਰਤੀ ਮੂਲ ਦੇ ਲੋਕਾਂ ਨੇ ਖਤਰਨਾਕ ਪਟਾਕੇ ਚਲਾਏ। ਸ਼ਨੀਵਾਰ ਨੂੰ ਇਕ ਖਬਰ 'ਚ ਦੱਸਿਆ ਗਿਆ ਕਿ ਏ. ਹਰੀਪ੍ਰਸਾਦ (18), ਐਲਿਵਸ ਜੇਵੀਅਰ ਫਰਨਾਡੀਜ਼ (25), ਜੀਵਨ ਅਰਜੁਨ (28) ਅਤੇ ਅਲਗੱਪਨ ਸਿੰਗਾਰਾਮ (54) 'ਤੇ ਖਤਰਨਾਕ ਪਟਾਕੇ ਚਲਾਉਣ ਦੇ ਦੋਸ਼ ਹਨ। ਬੁੱਧਵਾਰ ਨੂੰ ਵੀ ਭਾਰਤੀ ਮੂਲ ਦੇ ਦੋ ਹੋਰ ਵਿਅਕਤੀਆਂ 'ਤੇ 'ਲਿਟਲ ਇੰਡੀਆ' ਇਲਾਕੇ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਸਭ ਦੇ ਸਾਹਮਣੇ ਲਿਆਉਣ ਅਤੇ ਚਲਾਉਣ ਦੇ ਦੋਸ਼ ਲੱਗੇ ਸਨ।ਇਸ ਮਾਮਲੇ 'ਚ ਦੋਸ਼ ਹੈ ਕਿ ਟੀ. ਸੇਲਵਾਰਾਜੂ (29) ਨੇ ਪਟਾਕੇ ਚਲਾਏ ਜਦ ਕਿ ਸ਼ਿਵ ਕੁਮਾਰ ਸੁਬਰਮਣਿਅਮ ਨੇ ਉਸ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਸੀ।

ਜੀਵਨ 'ਤੇ ਦੋਸ਼ ਹੈ ਕਿ ਉਸ ਨੇ ਮੰਗਲਵਾਰ ਨੂੰ ਯੀਸ਼ੁਨ ਸਟ੍ਰੀਟ 'ਤੇ ਤੜਕੇ 3.30 ਵਜੇ ਬਲਾਕ 504-ਬੀ ਦੇ ਸਾਹਮਣੇ ਖੁੱਲ੍ਹੇ ਮੈਦਾਨ 'ਚ ਪਟਾਕੇ ਚਲਾਏ। ਪੁਲਸ ਨੇ ਦੱਸਿਆ ਕਿ ਤੇਜ਼ ਆਵਾਜ਼ ਸੁਣਾਈ ਦੇਣ ਮਗਰੋਂ ਉਨ੍ਹਾਂ ਨੂੰ ਅਲਰਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਸ ਥਾਂ ਤੋਂ ਧਮਾਕਾਖੇਜ਼ ਪਦਾਰਥਾਂ ਨਾਲ ਭਰੇ ਸਿਲੰਡਰ ਮਿਲੇ। ਇਸ ਦੇ ਅਗਲੇ ਦਿਨ ਜੀਵਨ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹਰੀਪ੍ਰਸਾਦ ਅਤੇ ਸਿੰਗਾਰਾਮ 'ਤੇ ਬੁਕਿਟ ਬਟੋਕ ਵੈਸਟ ਅਵੈਨਿਊ-6 'ਤੇ ਬਲਾਕ 194-ਬੀ ਦੇ ਨੇੜਲੇ ਸਥਾਨ 'ਤੇ ਪਟਾਕੇ ਚਲਾਉਣ ਦੇ ਦੋਸ਼ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਫਰਨਾਡੀਜ਼ 'ਤੇ ਬਲਾਕ-18 ਜੂ ਸੈਂਗ ਰੋਡ 'ਤੇ ਪਟਾਕੇ ਚਲਾਉਣ ਦਾ ਦੋਸ਼ ਹੈ। ਉਸ ਨੂੰ ਵੀਰਵਾਰ ਨੂੰ ਹਿਰਾਸਤ 'ਚ ਲਿਆ ਗਿਆ। ਚਾਰਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦਿੱਤੀ ਗਈ। ਪੁਲਸ ਨੇ ਦੱਸਿਆ,''ਲੋਕਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਖਤਰਨਾਕ ਪਟਾਕਿਆਂ ਨੂੰ ਰੱਖਣਾ, ਵੇਚਣਾ ਅਤੇ ਹੋਰ ਥਾਵਾਂ 'ਤੇ ਭੇਜਣ, ਉਸ ਨੂੰ ਵੰਡਣਾ ਆਦਿ ਸਭ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ।''


Related News