ਪਹਿਲੀ ਵਾਰ ਸਿੰਗਾਪੁਰ ਸਰਕਾਰ ਨੇ ਭੰਗ ਨਾਲ ਬਣੀਆਂ ਦਵਾਈਆਂ ਨੂੰ ਦਿੱਤੀ ਇਜਾਜ਼ਤ

12/01/2019 3:24:38 PM

ਸਿੰਗਾਪੁਰ— ਪਹਿਲੀ ਵਾਰ ਸਿੰਗਾਪੁਰ ਨੇ ਭੰਗ ਆਧਾਰਿਤ ਦਵਾਈਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਸਿੰਗਾਪੁਰ ਸਰਕਾਰ ਦਾ ਕਹਿਣਾ ਹੈ ਕਿ ਉਹ ਮਿਰਗੀ ਦੇ ਇਲਾਜ ਲਈ ਭੰਗ ਆਧਾਰਿਤ ਦਵਾਈਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਇਸ ਦੀ ਸੂਚਨਾ ਦਿੱਤੀ। ਸਿੰਗਾਪੁਰ 'ਚ ਦੁਨੀਆ ਦੇ ਸਭ ਤੋਂ ਸਖਤ ਡਰੱਗ ਰੋਕੂ ਕਾਨੂੰਨ ਹਨ, ਇੱਥੋਂ ਤਕ ਕਿ ਬਹੁਤ ਘੱਟ ਮਾਤਰਾ 'ਚ ਵੀ ਜੇਕਰ ਨਸ਼ੀਲੇ ਪਦਾਰਥ ਫੜੇ ਜਾਂਦੇ ਹਨ ਤਾਂ ਉਸ ਵਿਅਕਤੀ ਨੂੰ ਸਜ਼ਾ ਮਿਲਦੀ ਹੈ।

'ਸਟਰੇਟਸ ਟਾਈਮਜ਼' ਅਖਬਾਰ ਮੁਤਾਬਕ ਦਵਾਈ ਦੀ ਵਰਤੋਂ ਇਕ ਕੁੜੀ ਦੇ ਇਲਾਜ ਲਈ ਕੀਤੀ ਜਾਣੀ ਹੈ ਕਿਉਂਕਿ ਉਸ 'ਤੇ ਕਿਸੇ ਹੋਰ ਦਵਾਈ ਦਾ ਅਸਰ ਨਹੀਂ ਹੋਇਆ ਸੀ। ਮਰੀਜ਼ ਦੇ ਡਾਕਟਰ ਵਲੋਂ ਬੇਨਤੀ ਕੀਤੀ ਗਈ ਸੀ ਕਿ ਹੈਲਥ ਸਰਵਿਸ ਅਧਿਕਾਰੀ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਦਵਾਈ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ। ਜ਼ਿਕਰਯੋਗ ਹੈ ਕਿ ਅਰਜਨਟੀਨਾ, ਇਟਲੀ, ਇਜ਼ਰਾਇਲ ਵਰਗੇ ਹੋਰ ਕਈ ਦੇਸ਼ਾਂ 'ਚ ਭੰਗ ਨੂੰ ਦਵਾਈਆਂ 'ਚ ਵਰਤੋਂ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ।


Related News