ਸਿੰਗਾਪੁਰ : ਸਮਲਿੰਗੀ ਵਿਅਕਤੀ ਨੂੰ ਸਰੋਗੇਟ ਬੇਟੇ ਨੂੰ ਗੋਦ ਲੈਣ ਦਾ ਮਿਲਿਆ ਅਧਿਕਾਰ
Monday, Dec 17, 2018 - 05:04 PM (IST)

ਸਿੰਗਾਪੁਰ (ਭਾਸ਼ਾ)— ਰੂੜ੍ਹੀਵਾਦੀ ਸਿੰਗਾਪੁਰ ਵਿਚ ਅਦਾਲਤ ਨੇ ਸੋਮਵਾਰ ਨੂੰ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਇਕ ਸਮਲਿੰਗੀ ਵਿਅਕਤੀ ਨੂੰ ਅਮਰੀਕਾ ਵਿਚ ਸਰੋਗੈਸੀ (ਕਿਰਾਏ ਦੀ ਕੁੱਖ) ਜ਼ਰੀਏ ਜਨਮੇ ਬੱਚੇ ਨੂੰ ਗੋਦ ਲੈਣ ਦੀ ਮਨਜ਼ੂਰੀ ਪ੍ਰਦਾਨ ਕੀਤੀ। ਸਿੰਗਾਪੁਰ ਅਮੀਰ ਰਾਸ਼ਟਰ ਹੈ ਅਤੇ ਕਈ ਮਾਮਲਿਆਂ ਵਿਚ ਆਧੁਨਿਕ ਹੈ। ਪਰ ਇੱਥੇ ਸਮਲਿੰਗਤਾ ਦੀ ਆਲੋਚਨਾ ਹੁੰਦੀ ਹੈ। ਇੱਥੇ ਸਮਲਿੰਗੀ ਵਿਆਹ ਦੀ ਇਜਾਜ਼ਤ ਨਹੀਂ ਹੈ ਅਤੇ ਕਾਨੂੰਨ ਦੇ ਤਹਿਤ ਦੋ ਪੁਰਸ਼ਾਂ ਵਿਚਕਾਰ ਯੌਨ ਸਬੰਧ ਗੈਰ ਕਾਨੂੰਨੀ ਹਨ। ਇਹ ਕਾਨੂੰਨ ਬ੍ਰਿਟਿਸ਼ ਬਸਤੀਵਾਦ ਕਾਲ ਤੋਂ ਹੈ ਪਰ ਕਦੇ-ਕਦੇ ਹੀ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਹੈ।
ਵਰਤਮਾਨ ਮਾਮਲੇ ਵਿਚ ਉਕਤ ਵਿਅਕਤੀ ਜਿਸ ਦੇ ਲੰਬੇ ਸਮੇਂ ਤੋਂ ਦੂਜੇ ਵਿਅਕਤੀ ਨਾਲ ਸਬੰਧ ਸਨ, ਨੇ ਪਹਿਲਾਂ ਸਿੰਗਾਪੁਰ ਵਿਚ ਬੱਚਾ ਗੋਦ ਲੈਣ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ। ਉਸ ਨੂੰ ਦੱਸਿਆ ਗਿਆ ਕਿ ਇੱਥੇ ਸਮਲਿੰਗੀ ਜੋੜੇ ਨੂੰ ਅਜਿਹੀ ਇਜਾਜ਼ਤ ਮਿਲਣ ਦੀ ਸੰਭਾਵਨਾ ਨਹੀਂ ਹੈ। ਫਿਰ ਉਸ ਨੇ ਅਮਰੀਕਾ ਵਿਚ ਇਕ ਸਰੋਗੇਟ ਮਾਂ ਦੀ ਤਲਾਸ਼ ਕੀਤੀ ਕਿਉਂਕਿ ਸਿੰਗਾਪੁਰ ਵਿਚ ਸਰੋਗੈਸੀ 'ਤੇ ਪਾਬੰਦੀ ਹੈ। ਉਸ ਨੂੰ ਅਮਰੀਕਾ ਵਿਚ ਇਕ ਔਰਤ ਮਿਲੀ, ਜਿਸ ਨੇ 2 ਲੱਖ ਡਾਲਰ ਵਿਚ ਉਸ ਦੇ ਬੱਚੇ ਨੂੰ ਜਨਮ ਦੇਣ ਦੀ ਸਹਿਮਤੀ ਪ੍ਰਗਟ ਕੀਤੀ। ਉਸ ਦੇ ਬੇਟੇ ਦਾ ਜਨਮ ਹੋਇਆ ਅਤੇ ਹੁਣ ਉਹ 5 ਸਾਲ ਦਾ ਹੈ।
46 ਸਾਲਾ ਵਿਅਕਤੀ ਆਪਣੇ ਬੇਟੇ ਨੂੰ ਸਿੰਗਾਪੁਰ ਲੈ ਕੇ ਆਇਆ ਅਤੇ ਉਸ ਨੂੰ ਗੋਦ ਲੈਣ ਲਈ ਰਸਮੀ ਰੂਪ ਵਿਚ ਐਪਲੀਕੇਸ਼ਨ ਦਿੱਤੀ ਤਾਂ ਜੋ ਉਸ ਨੂੰ ਸਿੰਗਾਪੁਰ ਦੀ ਨਾਗਰਿਕਤਾ ਹਾਸਲ ਹੋ ਸਕੇ। ਬੀਤੇ ਸਾਲ ਦਸੰਬਰ ਵਿਚ ਜ਼ਿਲਾ ਜੱਜ ਨੇ ਉਸ ਦੀ ਸ਼ੁਰੂਆਤੀ ਐਪਲੀਕੇਸ਼ਨ ਰੱਦ ਕਰ ਦਿੱਤੀ ਪਰ ਉਸ ਨੇ ਸਿੰਗਾਪੁਰ ਦੀ ਹਾਈ ਕੋਰਟ ਵਿਚ ਐਪਲੀਕੇਸ਼ਨ ਦਿੱਤੀ ਜਿੱਥੇ ਫੈਸਲਾ ਉਸ ਦੇ ਪੱਖ ਵਿਚ ਆਇਆ। ਮੁੱਖ ਜੱਜ ਸੁੰਦਰੇਸ਼ ਮੇਨਨ ਨੇ ਫੈਸਲਾ ਦਿੰਦਿਆਂ ਕਿਹਾ,''ਇਹ ਸਬੂਤ ਸਾਨੂੰ ਦਿਖਾਉਂਦਾ ਹੈ ਕਿ ਬੱਚੇ ਦੇ ਹਿੱਤ ਵਿਚ ਗੋਦ ਲੈਣ ਦਾ ਆਦੇਸ਼ ਦਿੱਤਾ ਜਾਵੇ।''