ਸਿੱਖਾਂ ਲਈ ਮਾਣ ਦੀ ਗੱਲ, ਅਮਰੀਕਾ ਦੇ ਇਤਿਹਾਸ ''ਚ ਗੁਰਬੀਰ ਸਿੰਘ ਗਰੇਵਾਲ ਹੋਣਗੇ ਪਹਿਲੇ ਸਿੱਖ ਅਟਾਰਨੀ ਜਨਰਲ
Wednesday, Dec 13, 2017 - 01:15 PM (IST)

ਨਿਊਜਰਸੀ(ਰਾਜ ਗੋਗਨਾ)— ਨਿਊਜਰਸੀ ਦੇ ਗਵਰਨਰ ਦੀ ਚੋਣ ਜਿੱਤ ਚੁੱਕੇ ਫਿਲ ਮਰਫੀ ਨੇ ਰਾਜ ਦੇ ਅਗਲੇ ਅਟਾਰਨੀ ਜਨਰਲ ਵੱਜੋਂ ਗੁਰਬੀਰ ਸਿੰਘ ਗਰੇਵਾਲ ਨੂੰ ਨਾਮਜ਼ਦ ਕੀਤਾ ਹੈ। ਗੁਰਬੀਰ ਗਰੇਵਾਲ ਬਰਗਨ ਕਾਊਂਟੀ ਦੇ ਪ੍ਰੋਸੀਕਿਊਟਰ (ਸਰਕਾਰੀ ਵਕੀਲ) ਹਨ ਜਿਨਾਂ ਨੂੰ ਗਵਰਨਰ ਕ੍ਰਿਸ ਕ੍ਰਿਸਟੀ (ਜਿਨ੍ਹਾਂ ਦਾ 16 ਜਨਵਰੀ 2018 ਨੂੰ ਕਾਰਜਕਾਲ ਖਤਮ ਹੋ ਰਿਹਾ ਹੈ) ਨੇ ਇਸ ਅਹੁਦੇ 'ਤੇ ਨਿਯੁਕਤ ਕੀਤਾ ਸੀ। ਇਥੇ ਜ਼ਿਕਰਯੋਗ ਹੈ ਜਦੋਂ ਪਹਿਲੀ ਵਾਰ ਗਵਰਨਰ ਕ੍ਰਿਸਟੀ ਨੇ ਬਰਗਨ ਕਾਊਂਟੀ ਦੇ ਪ੍ਰੋਸੀਕਿਊਟਰ ਲਈ ਉਨ੍ਹਾਂ ਦੀ ਨਿਯੁਕਤੀ ਕੀਤੀ ਸੀ ਤਾਂ ਨਿਊਜਰਸੀ ਸੈਨੇਟ ਨੇ ਇਸ ਦੀ ਮਨਜ਼ੂਰੀ ਨਹੀਂ ਸੀ ਦਿੱਤੀ। ਅਗਲੇ ਸਾਲ ਗਵਰਨਰ ਨੇ ਦੁਬਾਰਾ ਗਰੇਵਾਲ ਦੀ ਨਿਯੁਕਤੀ ਕੀਤੀ ਅਤੇ ਕੁਝ ਚਿਰ ਉਹ ਬਰਗਨ ਕਾਊਂਟੀ ਦੇ ਐਕਟਿੰਗ ਪ੍ਰੋਸੀਕਿਊਟਰ ਵੀ ਰਹੇ। ਫਿਰ ਉਨ੍ਹਾਂ ਨੇ ਬਰਗਨ ਕਾਊਂਟੀ ਦੇ ਪ੍ਰੋਸੀਕਿਊਟਰ ਦਾ ਅਹੁਦਾ ਸੰਭਾਲਿਆ। ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਅਮਰੀਕਾ ਦੇ ਇਤਿਹਾਸ ਵਿਚ ਇਕ ਸਿੱਖ ਪਹਿਲਾ ਅਟਾਰਨੀ ਜਨਰਲ ਹੋਵੇਗਾ। ਇਕ ਸਟੇਟ ਪੱਧਰ ਦੇ ਇਸ ਅਹਿਮ ਅਹੁਦੇ ਨੂੰ ਗੁਰਬੀਰ ਸਿੰਘ ਗਰੇਵਾਲ ਜਨਵਰੀ 2018 ਵਿਚ ਸੰਭਾਲਣ ਵਾਲੇ ਹਨ। ਗਲੈਨਰਾਕ ਨਿਊਜਰਸੀ ਸੂਬੇ ਦੇ ਵਸਨੀਕ ਗਰੇਵਾਲ ਪਰਿਵਾਰ ਦੇ ਬੇਟੇ ਸਿੱਖ ਕੌਮ ਦਾ ਨਾਮ ਹੋਰ ਚਮਕਾਉਣਗੇ।