ਬ੍ਰਿਟੇਨ 'ਚ ਭਾਰਤੀ ਮੂਲ ਦੇ 68 ਸਾਲਾ ਸ਼ਖ਼ਸ ਦੀ ਸ਼ਰਮਨਾਕ ਕਰਤੂਤ, ਅਦਾਲਤ ਨੇ ਸੁਣਾਇਆ ਸਖ਼ਤ ਫ਼ੈਸਲਾ
Wednesday, Apr 12, 2023 - 12:47 PM (IST)
ਲੰਡਨ (ਏਜੰਸੀ)- ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ 68 ਸਾਲਾ ਸਿੱਖ 'ਤੇ ਅਨੁਸੂਚਿਤ ਜਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ ‘ਤੇ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਦੋਸ਼ ‘ਚ ਮੁਕੱਦਮਾ ਚਲਾਇਆ ਗਿਆ ਹੈ ਅਤੇ ਉਸ ਨੂੰ 18 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਟੇਮਜ਼ ਵੈਲੀ ਪੁਲਸ ਨੇ ਕਿਹਾ ਕਿ ਬੋਅਰ ਡਰਾਈਵ, ਸਲੋਅ ਦੇ 68 ਸਾਲਾ ਅਮਰੀਕ ਬਾਜਵਾ ਨੂੰ ਜਨਤਕ ਸੰਚਾਰ ਨੈੱਟਵਰਕ ਰਾਹੀਂ ਅਪਮਾਨਜਨਕ/ਅਸ਼ਲੀਲ/ਧਮਕਾਉਣ ਵਾਲੇ ਸੰਦੇਸ਼ ਭੇਜਣ ਦੇ ਮਾਮਲੇ ਵਿੱਚ ਦੋਸ਼ੀ ਮੰਨਣ ਤੋਂ ਬਾਅਦ 18 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
19 ਜੁਲਾਈ 2022 ਨੂੰ ਬਾਜਵਾ ਨੇ TikTok 'ਤੇ ਇੱਕ ਵੀਡੀਓ ਪੋਸਟ ਕੀਤੀ "ਜੋ ਸਿੱਖ ਭਾਈਚਾਰੇ ਲਈ ਅਪਮਾਨਜਨਕ ਸੀ"। ਇੱਕ ਪੁਲਸ ਬਿਆਨ ਮੁਤਾਬਕ ਉਸ ਨੂੰ 22 ਜੁਲਾਈ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2 ਮਾਰਚ 2023 ਨੂੰ ਉਸ ਦੇ ਦੋਸ਼ ਲਾਏ ਗਏ ਸਨ। ਸਲੋਹ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਸਾਰਜੈਂਟ ਐਂਡਰਿਊ ਗ੍ਰਾਂਟ ਨੇ ਕਿਹਾ ਕਿ ਮੈਂ ਬਾਜਵਾ ਨੂੰ ਸੁਣਾਈ ਗਈ ਸਜ਼ਾ ਤੋਂ ਖੁਸ਼ ਹਾਂ, ਜਿਸ ਨਾਲ ਸਪੱਸ਼ਟ ਸੰਦੇਸ਼ ਜਾਂਦਾ ਹੈ ਕਿ ਥੇਮਸ ਵੈਲੀ ਪੁਲਸ ਅਮਰੀਕ ਬਾਜਵਾ ਵਰਗਾ ਵਿਵਹਾਰ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ: ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਦੁਖ਼ਦ ਮੌਤ, PM ਟਰੂਡੋ ਨੇ ਪ੍ਰਗਟਾਇਆ ਦੁੱਖ
ਯੂਕੇ ਸਥਿਤ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਅਲਾਇੰਸ (ਏ.ਸੀ.ਡੀ.ਏ.), ਜੋ ਬਾਜਵਾ ਦੀ ਟਿੱਕਟੌਕ ਵੀਡੀਓ ਨੂੰ ਪੁਲਸ ਦੇ ਧਿਆਨ ਵਿੱਚ ਲਿਆਉਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਸੀ, ਨੇ ਕਿਹਾ ਕਿ ਇਹ ਸਮੱਗਰੀ ਬਹੁਤ ਜ਼ਿਆਦਾ ਜ਼ਹਿਰੀਲੀ, ਨਸਲਵਾਦੀ ਅਤੇ ਜਾਤੀਵਾਦੀ ਸੀ ਅਤੇ ਇਸ ਵਿਚ ਅਨੁਸੂਚਿਤ ਜਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਏ.ਸੀ.ਡੀ.ਏ. ਨੇ ਕਿਹਾ, "ਬਾਜਵਾ ਨੇ ਅਨੁਸੂਚਿਤ ਜਾਤੀ ਭਾਈਚਾਰਿਆਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ, ਜੋ ਕਿ ਅਪਮਾਨਜਨਕ ਸੀ।" ਸਜ਼ਾ ਦਾ ਸੁਆਗਤ ਕਰਦੇ ਹੋਏ ACDA ਨੇ ਕਿਹਾ ਕਿ ਜੇਲ੍ਹ ਦੀ ਸਜ਼ਾ ਅਮਰੀਕ ਬਾਜਵਾ ਦੀ ਵੀਡੀਓ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਹੋਏ ਨੁਕਸਾਨ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਇਹ ਮਾਮਲਾ ਪਹਿਲਾਂ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਕੋਲ ਗਿਆ ਪਰ ਬਾਅਦ ਵਿੱਚ ਅੰਤਮ ਫੈਸਲੇ ਲਈ ਅਟਾਰਨੀ ਜਨਰਲ ਕੋਲ ਭੇਜ ਦਿੱਤਾ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।