ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਪੰਜਾ ਸਾਹਿਬ ''ਚ ਸਿੱਖ ਸ਼ਰਧਾਲੂ ਹੋਏ ਇਕੱਠੇ
Monday, Nov 26, 2018 - 09:19 PM (IST)
ਇਸਲਾਮਾਬਾਦ (ਭਾਸ਼ਾ)- ਸਿੱਖ ਪੰਥ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਚ ਇਕੱਠੇ ਹੋਏ। ਡਾਨ ਅਖਬਾਰ ਵਿਚ ਸੋਮਵਾਰ ਨੂੰ ਪ੍ਰਕਾਸ਼ਤ ਖਬਰ ਮੁਤਾਬਕ ਸਿੱਖ ਪੰਥ ਦੀਆਂ ਸਭ ਤੋਂ ਪਵਿੱਤਰ ਥਾਵਾਂ ਵਿਚ ਸ਼ਾਮਲ ਇਸ ਗੁਰਦੁਆਰੇ ਨੇੜੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਸੁਰੱਖਿਆ ਏਜੰਸੀਆਂ ਤੋਂ ਦਰਜਨਾ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅਖਬਾਰ ਮੁਤਾਬਕ 3800 ਤੋਂ ਜ਼ਿਆਦਾ ਭਾਰਤੀ ਸਿੱਖ, ਸ਼ਰਧਾਲੂ ਅਤੇ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਅਤੇ ਹਿੰਦੂ ਇਥੇ 'ਅਖੰਡ ਪਾਠ' 'ਆਸਨ' 'ਮੱਥਾ ਟੇਕ' ਅਤੇ ਕੀਰਤਨ ਆਦਿ ਲਈ ਪਹੁੰਚੇ ਹਨ। ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੇ ਭਾਰਤ ਅਤੇ ਪਾਕਿਸਤਾਨ ਦੇ ਫੈਸਲੇ ਦਾ ਸਵਾਗਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਵਿਚ ਭਾਰਤੀ ਸ਼ਰਧਾਲੂਆਂ ਦੇ ਨੇਤਾ ਮਰਜੀਤ ਸਿੰਘ ਨੇ ਕਿਹਾ ਕਿ ਇਹ ਲਾਂਘਾ ਖੋਲ ਕੇ ਪਾਕਿਸਤਾਨ ਸਰਕਾਰ ਨੇ ਸਰਹੱਦ ਪਾਰ ਰਹਿਣ ਵਾਲੇ ਲੱਖਾਂ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾ ਰਾਮਿੰਦਰ ਸਿੰਘ ਨੇ ਪਾਕਿਸਤਾਨ ਸਰਕਾਰ ਦੇ ਕਦਮਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਲਾਂਘਾ ਖੋਲ੍ਹਣ ਦੇ ਫੈਸਲੇ ਨਾਲ ਪਾਕਿਸਤਾਨ ਅਤੇ ਸਿੱਖ ਭਾਈਚਾਰੇ ਵਿਚਾਲੇ ਸਬੰਧ ਬਿਹਤਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਸਿੱਖ ਭਾਈਚਾਰੇ ਨੂੰ ਤੋਹਫਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ 'ਤੇ 10,000 ਤੋਂ ਜ਼ਿਆਦਾ ਸਿੱਖ ਸ਼ਰਧਾਲੂ ਪਾਕਿਸਤਾਨ ਜਾਣਗੇ।
ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਖਾਸ ਤੌਰ 'ਤੇ ਕਸ਼ਮੀਰ ਸਣੇ ਹੋਰ ਥਾਵਾਂ 'ਤੇ ਵੀ ਲਾਂਘਾ ਖੋਲ੍ਹਣ ਦੀ ਗੱਲ ਕਹੀ। ਭਾਰਤ ਤੋਂ ਗਏ ਮਹਿਲਾ ਜੱਥੇ ਦੀ ਨੇਤਾ ਮਨਮੋਹਨ ਕੌਰ ਨੇ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਚ ਬਿਨਾਂ ਵੀਜ਼ਾ ਦੇ ਦਾਖਲ ਸਿੱਖ ਭਾਈਚਾਰੇ ਲਈ ਵੱਡੀ ਗੱਲ ਹੋਵੇਗੀ। ਉਨ੍ਹਾਂ ਨੇ ਪਾਕਿਸਤਾਨ ਰੇਲਵੇ ਦੇ ਮਾੜੇ ਪ੍ਰਬੰਧਾਂ 'ਤੇ ਨਾਰਾਜ਼ਗੀ ਜਤਾਈ, ਜਿਸ ਕਾਰਨ 113 ਸ਼ਰਧਾਲੂ ਨਨਕਾਣਾ ਸਾਹਿਬ ਵਿਚ ਹੀ ਰਹਿ ਗਏ। ਮੀਡੀਆ ਨਾਲ ਗੱਲਬਾਤ ਵਿਚ ਪਾਕਿਸਤਾਨ ਦੀ ਈ.ਟੀ.ਪੀ.ਬੀ. ਦੇ ਧਾਰਮਿਕ ਸਥਾਨਾਂ ਦੇ ਉਪ ਸਕੱਤਰ ਇਮਰਾਨ ਗੋਂਦਾਨ ਨੇ ਕਿਹਾ ਕਿ ਰੇਲਵੇ ਕਾਰਨ ਮਾੜੇ ਪ੍ਰਬੰਧ ਹੋਏ ਅਤੇ ਸ਼ਰਧਾਲੂਆਂ ਦੀ ਨਾਰਾਜ਼ਗੀ ਨਾਲ ਸਬੰਧਿਤ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ।