''ਮੈਂ ਸਿਰਫ਼ ਅਕਾਲ ਪੁਰਖ ਅੱਗੇ..!'', ਅੰਮ੍ਰਿਤਧਾਰੀ ਵਕੀਲ ਨੇ ਝੁਕਾ'ਤੀ ਕੈਨੇਡਾ ਸਰਕਾਰ, ਬਦਲਣੇ ਪਏ ਨਿਯਮ

Tuesday, Dec 23, 2025 - 01:39 PM (IST)

''ਮੈਂ ਸਿਰਫ਼ ਅਕਾਲ ਪੁਰਖ ਅੱਗੇ..!'', ਅੰਮ੍ਰਿਤਧਾਰੀ ਵਕੀਲ ਨੇ ਝੁਕਾ'ਤੀ ਕੈਨੇਡਾ ਸਰਕਾਰ, ਬਦਲਣੇ ਪਏ ਨਿਯਮ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਰਹਿਣ ਵਾਲੇ ਇੱਕ ਅੰਮ੍ਰਿਤਧਾਰੀ ਸਿੱਖ ਵਕੀਲ, ਪ੍ਰਭਜੋਤ ਸਿੰਘ ਵੜਿੰਗ ਨੇ ਇੱਕ ਵੱਡੀ ਕਾਨੂੰਨੀ ਲੜਾਈ 'ਚ ਜਿੱਤ ਹਾਸਲ ਕੀਤੀ ਹੈ, ਜਿਸ ਕਾਰਨ ਸੂਬੇ ਨੂੰ ਵਕੀਲਾਂ ਲਈ ਲਾਜ਼ਮੀ ਸਹੁੰ ਦੇ ਨਿਯਮਾਂ ਨੂੰ ਬਦਲਣਾ ਪਵੇਗਾ। ਪ੍ਰਭਜੋਤ ਸਿੰਘ ਨੇ ਵਕਾਲਤ ਸ਼ੁਰੂ ਕਰਨ ਲਈ ਮੌਜੂਦਾ ਸਮਰਾਟ ਕਿੰਗ ਚਾਰਲਸ III ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਾਲ 2022 ਵਿੱਚ ਇਸ ਨਿਯਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਉਹ ਸਿਰਫ਼ 'ਅਕਾਲ ਪੁਰਖ' ਪ੍ਰਤੀ ਹੀ ਆਪਣੀ ਵਫ਼ਾਦਾਰੀ ਦਾ ਪ੍ਰਣ ਲੈ ਸਕਦੇ ਹਨ ਅਤੇ ਕਿਸੇ ਦੁਨਿਆਵੀ ਸ਼ਾਸਕ ਪ੍ਰਤੀ ਸੱਚੀ ਵਫ਼ਾਦਾਰੀ ਦੀ ਸਹੁੰ ਚੁੱਕਣਾ ਉਨ੍ਹਾਂ ਦੇ ਧਰਮ ਦੇ ਖ਼ਿਲਾਫ਼ ਹੈ।

16 ਦਸੰਬਰ 2025 ਨੂੰ ਅਲਬਰਟਾ ਕੋਰਟ ਆਫ਼ ਅਪੀਲਜ਼ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਹ ਲਾਜ਼ਮੀ ਸਹੁੰ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਦੇ ਤਹਿਤ ਧਾਰਮਿਕ ਆਜ਼ਾਦੀ ਦਾ ਉਲੰਘਣ ਕਰਦੀ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ 60 ਦਿਨਾਂ ਦੇ ਅੰਦਰ ਇਸ ਨਿਯਮ ਵਿੱਚ ਸੋਧ ਕਰਨ ਦਾ ਹੁਕਮ ਦਿੱਤਾ ਹੈ। ਜੱਜਾਂ ਨੇ ਸੁਝਾਅ ਦਿੱਤਾ ਕਿ ਇਸ ਸਹੁੰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ, ਇਸ ਨੂੰ ਸਵੈ-ਇੱਛਤ ਬਣਾਇਆ ਜਾ ਸਕਦਾ ਹੈ ਜਾਂ ਇਸ ਦੇ ਸ਼ਬਦਾਂ ਵਿੱਚ ਬਦਲਾਅ ਕਰਕੇ ਰਾਜੇ ਪ੍ਰਤੀ ਲਾਜ਼ਮੀ ਵਫ਼ਾਦਾਰੀ ਦੀ ਸ਼ਰਤ ਹਟਾਈ ਜਾ ਸਕਦੀ ਹੈ। 

ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ, ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਵੜਿੰਗ ਨਾਲ ਸਬੰਧਤ ਹਨ, ਐਡਮੰਟਨ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਡਲਹੌਜੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। 2023 ਵਿੱਚ ਇੱਕ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਦਿਆਂ ਸਹੁੰ ਨੂੰ ਮਹਿਜ਼ 'ਪ੍ਰਤੀਕਾਤਮਕ' ਦੱਸਿਆ ਸੀ, ਪਰ ਹਾਈ ਕੋਰਟ ਨੇ ਇਸ ਨੂੰ ਪੇਸ਼ੇਵਰ ਭਵਿੱਖ ਅਤੇ ਆਸਥਾ ਵਿਚਕਾਰ ਇੱਕ ਗੰਭੀਰ ਟਕਰਾਅ ਮੰਨਿਆ। ਇਸ ਫੈਸਲੇ ਦਾ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਵਾਗਤ ਕੀਤਾ ਹੈ, ਜਦਕਿ ਕੁਝ ਆਲੋਚਕ ਇਸ ਨੂੰ ਕੈਨੇਡਾ ਦੀਆਂ ਸੰਵਿਧਾਨਕ ਪਰੰਪਰਾਵਾਂ ਲਈ ਚੁਣੌਤੀ ਮੰਨ ਰਹੇ ਹਨ।


author

Harpreet SIngh

Content Editor

Related News