ਕੈਨੇਡਾ ’ਚ ਭਾਰਤੀ ਇਮੀਗ੍ਰੇਸ਼ਨ ਏਜੰਟ ਗੈਂਗਸਟਰਾਂ ਦੇ ਨਿਸ਼ਾਨੇ ’ਤੇ, ਫਾਇਰਿੰਗ ਅਤੇ ਜਬਰੀ ਵਸੂਲੀ ਨਾਲ ਦਹਿਸ਼ਤ ਦਾ ਮਾਹੌਲ
Wednesday, Jan 14, 2026 - 10:55 AM (IST)
ਟੋਰਾਂਟੋ- ਕੈਨੇਡਾ ’ਚ ਗੈਂਗਸਟਰਾਂ ਵੱਲੋਂ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਏਜੰਟਾਂ ਨੂੰ ਨਿਸ਼ਾਨਾ ਬਣਾ ਅੰਜਾਮ ਦਿੱਤੀਆਂ ਜਾ ਰਹੀਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਹੁਣ ਇੱਕਾ-ਦੁੱਕਾ ਨਹੀਂ ਰਹੀਆਂ, ਸਗੋਂ ਇਕ ਸੰਗਠਿਤ ਪੈਟਰਨ ਦੇ ਰੂਪ ’ਚ ਸਾਹਮਣੇ ਆ ਰਹੀਆਂ ਹਨ। ਟੋਰਾਂਟੋ, ਬਰੈਂਪਟਨ, ਮਿਸੀਸਾਗਾ ਅਤੇ ਵੈਨਕੂਵਰ ਦੇ ਉਪਨਗਰੀ ਇਲਾਕਿਆਂ ’ਚ ਲਗਾਤਾਰ ਮਿਲ ਰਹੀਆਂ ਧਮਕੀਆਂ ਨੇ ਇੰਡੋ-ਕੈਨੇਡੀਅਨ ਭਾਈਚਾਰੇ ’ਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਕਈ ਏਜੰਟਾਂ ਦਾ ਮੰਨਣਾ ਹੈ ਕਿ ਅਪਰਾਧੀ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਇਸ ਲਈ ਟਾਰਗੈੱਟ ਕਰ ਰਹੇ ਹਨ ਕਿਉਂਕਿ ਇਸ ਖੇਤਰ ’ਚ ਨਕਦ ਲੈਣ-ਦੇਣ ਅਤੇ ਵੱਡੀ ਰਕਮ ਦਾ ਅੰਦਾਜ਼ਾ ਲਾਇਆ ਜਾਂਦਾ ਹੈ।
ਬਰੈਂਪਟਨ ਫਾਇਰਿੰਗ ਕੇਸ ਦੀ ਗੰਭੀਰਤਾ
ਇਕ ਰਿਪੋਰਟ ਮੁਤਾਬਕ 3 ਜਨਵਰੀ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਬਰੈਂਪਟਨ ’ਚ ਇਮੀਗ੍ਰੇਸ਼ਨ ਕੰਸਲਟੈਂਟ ਵਿਕਰਮ ਸ਼ਰਮਾ ਦੇ ਘਰ ’ਤੇ ਹੋਈ ਫਾਇਰਿੰਗ ਨੇ ਇਸ ਪੂਰੇ ਨੈੱਟਵਰਕ ਦੀ ਕਰੂਰਤਾ ਨੂੰ ਉਜਾਗਰ ਕਰ ਦਿੱਤਾ। ਦੇਰ ਰਾਤ ਕਰੀਬ 1.30 ਵਜੇ ਹੋਈ ਇਸ ਘਟਨਾ ’ਚ 8–9 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਘਰ, ਗੈਰਾਜ ਅਤੇ ਬਾਹਰ ਖੜ੍ਹੀ ਕਾਰ ਨੂੰ ਨੁਕਸਾਨ ਪਹੁੰਚਿਆ। ਇਹ ਸਿਰਫ ਡਰਾਉਣ ਦੀ ਕੋਸ਼ਿਸ਼ ਨਹੀਂ ਸੀ ਸਗੋਂ ਸਾਫ਼ ਸੰਦੇਸ਼ ਸੀ ਕਿ ਜੇਕਰ ਫਿਰੌਤੀ ਨਹੀਂ ਦਿੱਤੀ ਗਈ ਤਾਂ ਅਗਲਾ ਨਿਸ਼ਾਨਾ ਪਰਿਵਾਰ ਹੋ ਸਕਦਾ ਹੈ।
ਡਿਜੀਟਲ ਪਲੇਟਫਾਰਮ ਰਾਹੀਂ ਧਮਕੀ ਦਾ ਨਵਾਂ ਤਰੀਕਾ
ਫਾਇਰਿੰਗ ਤੋਂ ਬਾਅਦ ਵਟਸਐਪ ਰਾਹੀਂ ਫਿਰੌਤੀ ਦੀ ਮੰਗ ਇਸ ਗੱਲ ਦਾ ਸੰਕੇਤ ਹੈ ਕਿ ਅਪਰਾਧੀ ਹੁਣ ਡਿਜੀਟਲ ਮਾਧਿਅਮਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। 5 ਲੱਖ ਕੈਨੇਡੀਅਨ ਡਾਲਰ ਦੀ ਮੰਗ ਨਾਲ ਫਾਇਰਿੰਗ ਦੀ ਵੀਡੀਓ ਭੇਜਣਾ ਮਨੋਵਿਗਿਆਨਕ ਦਬਾਅ ਬਣਾਉਣ ਦੀ ਰਣਨੀਤੀ ਮੰਨੀ ਜਾ ਰਹੀ ਹੈ। ਮਾਹਿਰਾਂ ਅਨੁਸਾਰ ਇਹ ਤਰੀਕਾ ਪੀੜਤ ਨੂੰ ਕਾਨੂੰਨੀ ਕਾਰਵਾਈ ਤੋਂ ਰੋਕਣ ਅਤੇ ਤੁਰੰਤ ਪੈਸੇ ਦੇਣ ਲਈ ਮਜਬੂਰ ਕਰਨ ਲਈ ਅਪਣਾਇਆ ਜਾਂਦਾ ਹੈ। ਇਨ੍ਹਾਂ ਘਟਨਾਵਾਂ ਦਾ ਅਸਰ ਸਿਰਫ਼ ਕਾਰੋਬਾਰ ਤੱਕ ਸੀਮਤ ਨਹੀਂ ਹੈ ਸਗੋਂ ਪਰਿਵਾਰਾਂ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਬਣ ਗਈ ਹੈ। ਵਿਕਰਮ ਸ਼ਰਮਾ ਵੱਲੋਂ ਕੈਨੇਡਾ ਛੱਡਣ ਦਾ ਫੈਸਲਾ ਇਸੇ ਡਰ ਨੂੰ ਦਰਸਾਉਂਦਾ ਹੈ। ਕਈ ਹੋਰ ਏਜੰਟ ਵੀ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਜਾਂ ਤਾਂ ਕਾਰੋਬਾਰ ਸੀਮਤ ਕਰ ਰਹੇ ਹਨ ਜਾਂ ਇਲਾਕਾ ਬਦਲਣ ’ਤੇ ਵਿਚਾਰ ਕਰ ਰਹੇ ਹਨ।
ਵੱਡੀਆਂ ਇਮੀਗ੍ਰੇਸ਼ਨ ਕੰਪਨੀਆਂ ਵੀ ਰਡਾਰ ’ਤੇ
ਹੈਸ਼ਟੈਗ ਮੀਡੀਆ ਅਤੇ ਸਥਾਨਕ ਸੂਤਰਾਂ ਮੁਤਾਬਕ ਮਿਸੀਸਾਗਾ ਅਤੇ ਸਰੀ (ਬ੍ਰਿਟਿਸ਼ ਕੋਲੰਬੀਆ) ਵਰਗੇ ਇਲਾਕਿਆਂ ’ਚ ਵੀ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਫ਼ੋਨ ਕਾਲ, ਮੈਸੇਜ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਮਿਲੀਆਂ ਹਨ। ਕੁਝ ਮਾਮਲਿਆਂ ’ਚ ਫਾਇਰਿੰਗ ਨਹੀਂ ਹੋਈ ਪਰ ਲਗਾਤਾਰ ਕਾਲਾਂ ਅਤੇ ਚਿਤਾਵਨੀਆਂ ਨੇ ਪੀੜਤਾਂ ਨੂੰ ਮਾਨਸਿਕ ਤੌਰ ’ਤੇ ਤੋੜ ਦਿੱਤਾ ਹੈ। ਇਸ ਨਾਲ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਇਕ ਸੰਗਠਿਤ ਅਪਰਾਧਿਕ ਗਿਰੋਹ ਦਾ ਕੰਮ ਹੋ ਸਕਦਾ ਹੈ। ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਨੇਡਾ ਦੀ ਇਕ ਵੱਡੀ ਇਮੀਗ੍ਰੇਸ਼ਨ ਫਰਮ, ਜਿਸ ਦੇ ਕਈ ਸ਼ਹਿਰਾਂ ’ਚ ਦਫ਼ਤਰ ਹਨ, ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਬਦਨਾਮੀ ਅਤੇ ਕਾਰੋਬਾਰ ’ਤੇ ਅਸਰ ਦੇ ਡਰ ਤੋਂ ਉਸ ਫਰਮ ਨੇ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ। ਮਾਹਿਰ ਮੰਨਦੇ ਹਨ ਕਿ ਸ਼ਿਕਾਇਤਾਂ ਦਰਜ ਨਾ ਹੋਣਾ ਅਪਰਾਧੀਆਂ ਦਾ ਹੌਸਲਾ ਹੋਰ ਵਧਾ ਸਕਦਾ ਹੈ।
ਪੁਲਸ ਅਤੇ ਪ੍ਰਸ਼ਾਸਨ ’ਤੇ ਦਬਾਅ
ਲਗਾਤਾਰ ਵਧ ਰਹੀਆਂ ਘਟਨਾਵਾਂ ਤੋਂ ਬਾਅਦ ਹੁਣ ਕੈਨੇਡੀਅਨ ਪੁਲਸ ਅਤੇ ਪ੍ਰਸ਼ਾਸਨ ’ਤੇ ਦਬਾਅ ਵਧ ਰਿਹਾ ਹੈ ਕਿ ਉਹ ਇੰਡੋ-ਕੈਨੇਡੀਅਨ ਇਲਾਕਿਆਂ ’ਚ ਸੁਰੱਖਿਆ ਵਧਾਏ ਅਤੇ ਸੰਗਠਿਤ ਅਪਰਾਧ ’ਤੇ ਸਖ਼ਤ ਕਾਰਵਾਈ ਕਰੇ। ਭਾਈਚਾਰੇ ਦੇ ਆਗੂਆਂ ਦੀ ਮੰਗ ਹੈ ਕਿ ਪੁਲਸ ਇਨ੍ਹਾਂ ਮਾਮਲਿਆਂ ਨੂੰ ਵੱਖ-ਵੱਖ ਘਟਨਾਵਾਂ ਦੀ ਬਜਾਏ ਇਕ ਵੱਡੇ ਨੈੱਟਵਰਕ ਦੇ ਰੂਪ ’ਚ ਵੇਖੇ। ਜਾਣਕਾਰ ਕਹਿੰਦੇ ਹਨ ਕਿ ਕੈਨੇਡਾ ’ਚ ਭਾਰਤੀ ਇਮੀਗ੍ਰੇਸ਼ਨ ਏਜੰਟਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਸਿਰਫ਼ ਅਪਰਾਧਿਕ ਸਮੱਸਿਆ ਨਹੀਂ, ਸਗੋਂ ਪ੍ਰਵਾਸੀ ਭਾਈਚਾਰੇ ਦੀ ਸੁਰੱਖਿਆ ਅਤੇ ਭਰੋਸੇ ਨਾਲ ਜੁੜਿਆ ਗੰਭੀਰ ਮੁੱਦਾ ਬਣ ਚੁੱਕੀ ਹੈ। ਜੇਕਰ ਸਮਾਂ ਰਹਿੰਦੇ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਇਹ ਡਰ ਦਾ ਮਾਹੌਲ ਹੋਰ ਵਧ ਸਕਦਾ ਹੈ ਅਤੇ ਕੈਨੇਡਾ ਦੀ ਸੁਰੱਖਿਅਤ ਦੇਸ਼ ਦੀ ਦਿੱਖ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
