ਕੈਨੇਡਾ ਦੇ ਟੈਨਿਸ ਸਟਾਰ ਮਿਲੋਸ ਰਾਓਨਿਕ ਨੇ ਲਿਆ ਸੰਨਿਆਸ
Monday, Jan 12, 2026 - 07:00 PM (IST)
ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੇ ਪ੍ਰਸਿੱਧ ਟੈਨਿਸ ਖਿਡਾਰੀ ਮਿਲੋਸ ਰਾਉਨਿਕ ਵੱਲੋਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਹੈ। 35 ਸਾਲਾ ਰਾਓਨਿਕ, ਜੋ ਵਿੰਬਲਡਨ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚਣ ਵਾਲੇ ਪਹਿਲੇ ਕੈਨੇਡੀਅਨ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ, ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਭਾਵੁਕ ਮੈਸੇਜ ਵਿੱਚ ਇਹ ਫੈਸਲਾ ਸਾਂਝਾ ਕੀਤਾ।
ਰਾਓਨਿਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਰ ਖਿਡਾਰੀ ਦੀ ਜ਼ਿੰਦਗੀ ਵਿੱਚ ਇਹ ਪਲ ਆਉਂਦਾ ਹੈ ਜਦੋਂ ਉਸ ਨੂੰ ਆਪਣੇ ਕੈਰੀਅਰ ਨੂੰ ਅਲਵਿਦਾ ਕਹਿਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਸੱਟਾਂ ਅਤੇ ਸਰੀਰਕ ਸਮੱਸਿਆਵਾਂ ਕਾਰਨ ਉਹ ਪਿਛਲੇ ਸਾਲ ਦੇ ਮੱਧ ਤੋਂ ਕੋਰਟ ‘ਤੇ ਵਾਪਸੀ ਨਹੀਂ ਕਰ ਸਕੇ, ਜਿਸ ਤੋਂ ਬਾਅਦ ਇਹ ਫੈਸਲਾ ਲੈਣਾ ਉਨ੍ਹਾਂ ਲਈ ਲਾਜ਼ਮੀ ਹੋ ਗਿਆ।
ਓਨਟਾਰੀਓ ਦੇ ਥਾਰਨਹਿੱਲ ਨਾਲ ਸਬੰਧਤ ਰਾਓਨਿਕ ਨੇ ਕੈਨੇਡਾ ਲਈ ਟੈਨਿਸ ਦੇ ਮੈਦਾਨ ਵਿੱਚ ਨਵੀਂ ਪਛਾਣ ਬਣਾਈ। ਉਨ੍ਹਾਂ ਦੀ ਤਾਕਤਵਰ ਸਰਵ ਅਤੇ ਅਗਰੈਸਿਵ ਖੇਡ ਨੇ ਵਿਸ਼ਵ ਪੱਧਰ ‘ਤੇ ਕੈਨੇਡਾ ਦੇ ਟੈਨਿਸ ਨੂੰ ਮਾਣ ਦਿਵਾਇਆ। ਸੰਨਿਆਸ ਦੇ ਐਲਾਨ ਨਾਲ ਕੈਨੇਡੀਅਨ ਖੇਡ ਜਗਤ ਵਿੱਚ ਇੱਕ ਯੁੱਗ ਦਾ ਅੰਤ ਮੰਨਿਆ ਜਾ ਰਿਹਾ ਹੈ।
