ਚੀਨ ਨਾਲ ਸਬੰਧਾਂ ’ਚ ਮਹੱਤਵਪੂਰਨ ਪ੍ਰਗਤੀ : ਜੈਸ਼ੰਕਰ
Saturday, Feb 22, 2025 - 06:57 PM (IST)

ਜੋਹਾਨਸਬਰਗ/ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਚੀਨ ਨਾਲ ਸਬੰਧਾਂ ’ਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਇਸ ਬੈਠਕ ’ਚ ਸਰਹੱਦੀ ਖੇਤਰਾਂ ’ਚ ਸ਼ਾਂਤੀ ਦਾ ਪ੍ਰਬੰਧਨ, ਕੈਲਾਸ਼ ਮਾਨਸਰੋਵਰ ਯਾਤਰਾ, ਉਡਾਣ ਕੁਨੈਕਟੀਵਿਟੀ ਅਤੇ ਯਾਤਰਾ ਸਹੂਲਤਾਂ ਬਾਰੇ ਚਰਚਾ ਹੋਈ। ਵਿਦੇਸ਼ ਮੰਤਰਾਲਾ ਅਨੁਸਾਰ ਜੈਸ਼ੰਕਰ ਨੇ ਆਪਣੇ ਸ਼ੁਰੂਆਤੀ ਬਿਆਨ ’ਚ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅਸੀਂ ਅੱਜ ਜੋਹਾਨਸਬਰਗ ’ਚ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਮਿਲ ਸਕਦੇ ਹਾਂ। ਇਸ ਤਰ੍ਹਾਂ ਦੀਆਂ ਬੈਠਕਾਂ ਨੇ ਸਾਡੀ ਗੱਲਬਾਤ ਲਈ ਇਕ ਮੌਕਾ ਪ੍ਰਦਾਨ ਕੀਤਾ ਹੈ। ਉਦੋਂ ਵੀ ਜਦੋਂ ਸਾਡੇ ਸਬੰਧ ਮੁਸ਼ਕਿਲ ਦੌਰ ’ਚੋਂ ਲੰਘ ਰਹੇ ਸੀ। ਸਾਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਕ ਧਰੁਵੀਕ੍ਰਿਤ ਗਲੋਬਲ ਸਥਿਤੀ ’ਚ ਸਾਡੇ ਦੋਵਾਂ ਦੇਸ਼ਾਂ ਨੇ ਇਕ ਸੰਸਥਾ ਦੇ ਰੂਪ ’ਚ ਜੀ-20 ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕੀਤੀ ਹੈ। ਇਹ ਆਪਣੇ ਆਪ ’ਚ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤ ਨੂੰ ਸਾਬਤ ਕਰਦਾ ਹੈ।
ਇਨ੍ਹਾਂ ਮੁੱਦਿਆਂ ’ਤੇ ਹੋਈ ਚਰਚਾ
- ਸਰਹੱਦੀ ਖੇਤਰਾਂ ’ਚ ਸ਼ਾਂਤੀ ਦਾ ਪ੍ਰਬੰਧਨ
- ਕੈਲਾਸ਼ ਮਾਨਸਰੋਵਰ ਯਾਤਰਾ
- ਉਡਾਣ ਕੁਨੈਕਟੀਵਿਟੀ
- ਯਾਤਰਾ ਸਹੂਲਤ
ਜੀ-20 ਦੀ ਸਮਰੱਥਾ ਕੌਮਾਂਤਰੀ ਏਜੰਡੇ ਲਈ ਮਹੱਤਵਪੂਰਨ
‘ਗਲੋਬਲ ਭੂ-ਰਾਜਨੀਤਿਕ ਸਥਿਤੀ ’ਤੇ ਚਰਚਾ’ ਸਿਰਲੇਖ ਵਾਲੇ ਜੀ-20 ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਵਿਚਾਰਾਂ ’ਚ ਤਾਲਮੇਲ ਬਣਾਉਣ ਦੀ ਜੀ-20 ਦੀ ਸਮਰੱਥਾ ਕੌਮਾਂਤਰੀ ਏਜੰਡੇ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੀ-20 ਸਾਡੇ ਹਿੱਤਾਂ, ਸੱਭਿਆਚਾਰ ਅਤੇ ਦ੍ਰਿਸ਼ਟੀਕੋਣ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦਾ ਸਵਾਗਤ ਕਰਦਾ ਹੈ, ਮਨੁੱਖੀ ਸਹਾਇਤਾ ਦਾ ਸਮਰਥਨ ਕਰਦਾ ਹੈ ਤੇ ਅੱਤਵਾਦ ਦੀ ਨਿੰਦਾ ਕਰਦਾ ਹੈ।