ਹਾਂਗਕਾਂਗ ’ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ
Tuesday, Dec 16, 2025 - 03:42 AM (IST)
ਹਾਂਗਕਾਂਗ (ਭਾਸ਼ਾ) - ਹਾਂਗਕਾਂਗ ਦੀ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਚੀਨ ਦੇ ਆਲੋਚਕ ਜਿੰਮੀ ਲਾਈ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਕ ਇਤਿਹਾਸਕ ਮਾਮਲੇ ’ਚ ਸੋਮਵਾਰ ਨੂੰ ਸ਼ਹਿਰ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ। ਸਰਕਾਰ ਵੱਲੋਂ ਨਿਯੁਕਤ 3 ਜੱਜਾਂ ਨੇ 78 ਸਾਲਾ ਲਾਈ ਨੂੰ ਰਾਸ਼ਟਰੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਲਈ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਕਰਨ ਅਤੇ ਦੇਸ਼ਧ੍ਰੋਹੀ ਲੇਖ ਪ੍ਰਕਾਸ਼ਤ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ। ਹਾਲਾਂਕਿ, ਲਾਈ ਨੇ ਖੁਦ ਨੂੰ ਨਿਰਦੋਸ਼ ਦੱਸਿਆ। ਸਜ਼ਾ ਸਬੰਧੀ ਫੈਸਲਾ ਬਾਅਦ ’ਚ ਸੁਣਾਇਆ ਜਾਵੇਗਾ। ਹਾਂਗਕਾਂਗ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲਾਈ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। 78 ਸਾਲਾ ਲਾਈ ਨੂੰ ਚੀਨ ਵੱਲੋਂ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਗਸਤ 2020 ’ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕਾਨੂੰਨ 2019 ’ਚ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਹਿਰਾਸਤ ’ਚ ਬਿਤਾਏ ਗਏ 5 ਸਾਲਾਂ ਦੌਰਾਨ ਲਾਈ ਨੂੰ ਕਈ ਛੋਟੇ ਅਪਰਾਧਾਂ ’ਚ ਸਜ਼ਾ ਸੁਣਾਈ ਗਈ ਹੈ। 855 ਪੰਨਿਆਂ ਦੇ ਫੈਸਲੇ ਨੂੰ ਪੜ੍ਹਦੇ ਹੋਏ ਜੱਜ ਐਸਥਰ ਤੋਹ ਨੇ ਕਿਹਾ ਕਿ ਲਾਈ ਨੇ ਹਾਂਗਕਾਂਗ ਦੇ ਲੋਕਾਂ ਦੀ ਮਦਦ ਕਰਨ ਦੀ ਆੜ ’ਚ ਚੀਨੀ ਸਰਕਾਰ ਨੂੰ ਡੇਗਣ ’ਚ ਮਦਦ ਲਈ ਅਮਰੀਕਾ ਨੂੰ ‘ਲਗਾਤਾਰ ਸੱਦਾ’ ਦਿੱਤਾ ਸੀ। ਤੋਹ ਨੇ ਕਿਹਾ ਕਿ ਅਦਾਲਤ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਲਾਈ ਹੀ ਸਾਜ਼ਿਸ਼ਾਂ ਦਾ ਮਾਸਟਰਮਾਈਂਡ ਸੀ।
