ਮੈਨੂੰ ਮਰਿਆ ਹੋਇਆ ਸਮਝ ਕੇ ਚਲਾ ਗਿਆ ਸੀ ਸ਼ੂਟਰ: ਇਮਰਾਨ
Saturday, Nov 05, 2022 - 03:10 PM (IST)

ਲਾਹੌਰ (ਵਾਰਤਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜਿਨ੍ਹਾਂ ਦੋ ਹਮਲਾਵਰਾਂ ਨੂੰ ਮੈਂ ਖੁਦ 'ਤੇ ਹਮਲਾ ਕਰਦੇ ਦੇਖਿਆ, ਜੇਕਰ ਉਨ੍ਹਾਂ ਨੇ ਇਕਸੁਰਤਾ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ ਮੈਂ ਜ਼ਿੰਦਾ ਨਾ ਹੁੰਦਾ। ਬੀਬੀਸੀ ਦੀ ਰਿਪੋਰਟ ਅਨੁਸਾਰ ਪੂਰਬੀ ਸ਼ਹਿਰ ਵਜ਼ੀਰਾਬਾਦ ਵਿੱਚ ਇੱਕ ਰੋਸ ਮਾਰਚ ਦੌਰਾਨ ਗੋਲੀ ਲੱਗਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਖਾਨ ਨੇ ਇੱਥੇ ਇੱਕ ਹਸਪਤਾਲ ਵਿੱਚ ਵ੍ਹੀਲਚੇਅਰ 'ਤੇ ਬੈਠ ਕੇ ਇਹ ਗੱਲ ਕਹੀ।
ਇਮਰਾਨ ਨੇ ਕਿਹਾ, "ਕਿਉਂਕਿ ਮੈਂ ਡਿੱਗ ਗਿਆ, ਹਮਲਾਵਰਾਂ ਵਿੱਚੋਂ ਇੱਕ ਨੇ ਸੋਚਿਆ ਕਿ ਮੈਂ ਮਰ ਗਿਆ ਹਾਂ, ਅਤੇ ਉਹ ਉਥੋਂ ਚਲਾ ਗਿਆ"। ਪਿਛਲੇ ਮਹੀਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਸਟਾਰ ਕ੍ਰਿਕਟਰ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਇਕ ਮਾਮਲੇ ਵਿੱਚ ਜਨਤਕ ਅਹੁਦਾ ਸੰਭਾਲਣ ਤੋਂ ਅਯੋਗ ਕਰਾਰ ਦਿੱਤਾ ਸੀ।
ਪੁਲਸ ਵੱਲੋਂ ਜਾਰੀ ਇਕ ਵੀਡੀਓ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਮਰਾਨ ਨੂੰ ਗੋਲੀ ਮਾਰਨ ਦੇ ਦੋਸ਼ੀ ਇਕ ਵਿਅਕਤੀ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਲੋਕਾਂ ਨੂੰ "ਗੁੰਮਰਾਹ" ਕਰ ਰਿਹਾ ਹੈ ਅਤੇ ਇਸ ਕਰਕੇ ਉਹ "ਉਸ ਨੂੰ ਮਾਰਨਾ ਚਾਹੁੰਦਾ ਸੀ।" ਆਖ਼ਰ ਹਮਲਾਵਰ ਨੇ ਇਹ ਕਬੂਲਨਾਮਾ ਕਿਸ ਹਾਲਾਤ ਵਿਚ ਕੀਤਾ, ਇਹ ਸਪੱਸ਼ਟ ਨਹੀਂ ਹੈ।