ਪਾਕਿਸਤਾਨ : ਸ਼ਾਹਬਾਜ਼ ਸ਼ਰੀਫ ਦਾ ਨਵਾਂ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

Monday, Apr 11, 2022 - 11:39 AM (IST)

ਪਾਕਿਸਤਾਨ : ਸ਼ਾਹਬਾਜ਼ ਸ਼ਰੀਫ ਦਾ ਨਵਾਂ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

ਇਸਲਾਮਾਬਾਦ (ਭਾਸ਼ਾ)- ਸੰਯੁਕਤ ਵਿਰੋਧੀ ਧਿਰ ਵੱਲੋਂ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਦੀ ਚੋਣ ਲਈ ਸੋਮਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਬੁਲਾਇਆ ਜਾਵੇਗਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਚੇਅਰਮੈਨ 70 ਸਾਲ ਦੇ ਸ਼ਰੀਫ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਉਪ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਨੂੰ ਇਸ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। 

ਖਾਨ ਨੂੰ ਅਵਿਸ਼ਵਾਸ ਵੋਟ ਰਾਹੀਂ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਐਤਵਾਰ ਨੂੰ ਸਦਨ ਦੇ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ। ਸਦਨ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ, ਖਾਨ ਦੇਸ਼ ਦੇ ਇਤਿਹਾਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਅਵਿਸ਼ਵਾਸ ਪ੍ਰਸਤਾਵ ਰਾਹੀਂ ਅਹੁਦੇ ਤੋਂ ਹਟਾਇਆ ਗਿਆ ਹੈ। ਖ਼ਾਨ ਨੂੰ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਧਿਰ ਨੇ 174 ਵੋਟਾਂ ਹਾਸਲ ਕੀਤੀਆਂ ਸਨ। ਜੇਕਰ ਉਹ ਸੋਮਵਾਰ ਨੂੰ ਵੀ ਸੰਖਿਆ ਨੂੰ ਦੁਹਰਾਉਂਦੇ ਹਨ ਤਾਂ ਸ਼ਰੀਫ ਪਾਕਿਸਤਾਨ ਦੇ ਅਗਲੇ 23ਵੇਂ ਪ੍ਰਧਾਨ ਮੰਤਰੀ ਹੋਣਗੇ। ਪੀਟੀਆਈ ਦੇ ਸੀਨੀਅਰ ਆਗੂ ਬਾਬਰ ਅਵਾਨ ਨੇ ਸ਼ਰੀਫ਼ ਦੀ ਉਮੀਦਵਾਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਪੀਐਮਐਲ-ਐਨ ਮੁਖੀ ਨੂੰ ਕਈ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ। 2019 ਵਿੱਚ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਾਹਬਾਜ਼ ਅਤੇ ਉਸਦੇ ਪੁੱਤਰ ਹਮਜ਼ਾ ਸ਼ਰੀਫ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸ਼ਰੀਫ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ -ਕਰਾਚੀ ਤੋਂ ਲਾਹੌਰ ਤੱਕ ਪੂਰੇ ਪਾਕਿਸਤਾਨ 'ਚ ਸੜਕਾਂ 'ਤੇ ਉਤਰੇ ਇਮਰਾਨ ਸਮਰਥਕ (ਤਸਵੀਰਾਂ)

ਕੁਰੈਸ਼ੀ ਦਾ ਨਾਮਜ਼ਦਗੀ ਪੱਤਰ ਵੀ ਸਵੀਕਾਰ ਕਰ ਲਿਆ ਗਿਆ। ਕੁਰੈਸ਼ੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜਨਗੇ ਜਾਂ ਪੀਟੀਆਈ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਹੋਰ ਸੰਸਦ ਮੈਂਬਰਾਂ ਦੇ ਨਾਲ ਅਸਤੀਫਾ ਦੇਣਗੇ, ਇਹ ਪੀਟੀਆਈ ਦੀ ਸੰਸਦੀ ਬੈਠਕ ਦੇ ਨਤੀਜਿਆਂ 'ਤੇ ਨਿਰਭਰ ਕਰਦਾ ਹੈ। 342 ਮੈਂਬਰੀ ਸਦਨ ਵਿੱਚ ਨਵਾਂ ਪ੍ਰਧਾਨ ਮੰਤਰੀ ਬਣਨ ਲਈ 172 ਵੋਟਾਂ ਦੀ ਲੋੜ ਹੋਵੇਗੀ। ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਸ਼ਰੀਫ ਨੇ "ਸੰਵਿਧਾਨ ਲਈ" ਖੜ੍ਹੇ ਹੋਣ ਵਾਲਿਆਂ ਦਾ "ਵਿਸ਼ੇਸ਼ ਧੰਨਵਾਦ" ਕੀਤਾ। ਐਤਵਾਰ ਨੂੰ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਅਤੀਤ ਦੀ ਕੁੜੱਤਣ ਵੱਲ ਨਹੀਂ ਜਾਣਾ ਚਾਹੁੰਦਾ। ਅਸੀਂ ਉਨ੍ਹਾਂ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਾਂ। ਅਸੀਂ ਬਦਲਾ ਨਹੀਂ ਲਵਾਂਗੇ ਅਤੇ ਨਾ ਹੀ ਬੇਇਨਸਾਫ਼ੀ ਕਰਾਂਗੇ, ਅਸੀਂ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਜੇਲ੍ਹ ਨਹੀਂ ਭੇਜਾਂਗੇ, ਕਾਨੂੰਨ ਅਤੇ ਨਿਆਂ ਆਪਣਾ ਕੰਮ ਕਰੇਗਾ। 

ਸੰਸਦ ਦਾ ਮੌਜੂਦਾ ਕਾਰਜਕਾਲ ਅਗਲੇ ਸਾਲ ਅਗਸਤ 'ਚ ਖ਼ਤਮ ਹੋਵੇਗਾ। ਸਾਬਕਾ ਰਾਸ਼ਟਰਪਤੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਨੇ ਵਿਰੋਧੀ ਧਿਰ ਦੀ ਸਾਂਝੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਲਈ ਸ਼ਰੀਫ਼ ਦੇ ਨਾਮ ਦਾ ਪ੍ਰਸਤਾਵ ਰੱਖਿਆ ਸੀ। ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ 1947 ਵਿੱਚ ਆਪਣੇ ਗਠਨ ਤੋਂ ਬਾਅਦ ਕਈ ਸ਼ਾਸਨ ਤਬਦੀਲੀਆਂ ਅਤੇ ਫ਼ੌਜੀ ਤਖ਼ਤਾਪਲਟ ਨਾਲ ਸਿਆਸੀ ਅਸਥਿਰਤਾ ਨਾਲ ਜੂਝ ਰਿਹਾ ਹੈ। ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ।


author

Vandana

Content Editor

Related News