ਗ੍ਰੀਨਲੈਂਡ ਸੰਕਟ: ਆਰਕਟਿਕ ਟਾਪੂ ਪਹੁੰਚ ਰਹੇ ਕਈ ਯੂਰਪੀ ਦੇਸ਼ਾਂ ਦੇ ਫੌਜੀ
Saturday, Jan 17, 2026 - 03:47 AM (IST)
ਨੁਕ - ਡੈਨਮਾਰਕ, ਗ੍ਰੀਨਲੈਂਡ ਅਤੇ ਅਮਰੀਕਾ ਦੇ ਨੁਮਾਇੰਦਿਆਂ ਵਿਚਾਲੇ ਹੋਈ ਗੱਲਬਾਤ ’ਚ ਗ੍ਰੀਨਲੈਂਡ ਦੇ ਭਵਿੱਖ ਨੂੰ ਲੈ ਕੇ ‘ਬੁਨਿਆਦੀ ਅਸਹਿਮਤੀ’ ਉਜਾਗਰ ਹੋਣ ਦੇ ਮੱਦੇਨਜ਼ਰ ਕਈ ਯੂਰਪੀ ਦੇਸ਼ਾਂ ਦੇ ਫੌਜੀ ਡੈਨਮਾਰਕ ਦੇ ਸਮਰਥਨ ’ਚ ਆਰਕਟਿਕ ਟਾਪੂ ਪਹੁੰਚ ਰਹੇ ਹਨ। ਇਹ ਅਸਹਿਮਤੀ ਵੀਰਵਾਰ ਨੂੰ ਉਦੋਂ ਹੋਰ ਸਪੱਸ਼ਟ ਹੋ ਗਈ, ਜਦੋਂ ‘ਵ੍ਹਾਈਟ ਹਾਊਸ’ (ਅਮਰੀਕਾ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ) ਨੇ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਅਧਿਕਾਰੀਆਂ ਨਾਲ ਹੋਰ ਗੱਲਬਾਤ ਦੀਆਂ ਯੋਜਨਾਵਾਂ ਨੂੰ ਗ੍ਰੀਨਲੈਂਡ ਨੂੰ ਅਮਰੀਕਾ ਵੱਲੋਂ ਹਾਸਲ ਕਰਨ ਲਈ ‘ਪ੍ਰਾਪਤੀ ਸਮਝੌਤੇ ’ਤੇ ਤਕਨੀਕੀ ਗੱਲਬਾਤ’ ਦੱਸਿਆ।
ਇਹ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ ਦੇ ਉਸ ਬਿਆਨ ਤੋਂ ਕਾਫ਼ੀ ਅਲੱਗ ਸੀ, ਜਿਸ ’ਚ ਉਨ੍ਹਾਂ ਇਸ ਨੂੰ ਅਜਿਹਾ ਕਾਰਜ ਸਮੂਹ ਦੱਸਿਆ ਸੀ ਜੋ ਦੇਸ਼ਾਂ ਵਿਚਕਾਰ ਮਤਭੇਦਾਂ ਨੂੰ ਸੁਲਝਾਉਣ ਦੇ ਤਰੀਕਿਆਂ ’ਤੇ ਚਰਚਾ ਕਰੇਗਾ। ਬੁੱਧਵਾਰ ਨੂੰ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਡੈਨਮਾਰਕ ਨੇ ਐਲਾਨ ਕੀਤਾ ਸੀ ਕਿ ਉਹ ਗ੍ਰੀਨਲੈਂਡ ’ਚ ਆਪਣੀ ਫ਼ੌਜੀ ਮੌਜੂਦਗੀ ਵਧਾਏਗਾ। ਫਰਾਂਸ, ਜਰਮਨੀ, ਬ੍ਰਿਟੇਨ, ਨਾਰਵੇ, ਸਵੀਡਨ ਅਤੇ ਨੀਦਰਲੈਂਡ ਸਮੇਤ ਕਈ ਯੂਰਪੀ ਸਹਿਯੋਗੀਆਂ ਨੇ ਪ੍ਰਤੀਕਾਤਮਕ ਸੰਖਿਆ ’ਚ ਫੌਜੀ ਭੇਜਣਾ ਸ਼ੁਰੂ ਕਰ ਦਿੱਤਾ ਹੈ ਜਾਂ ਅਗਲੇ ਕੁਝ ਦਿਨਾਂ ’ਚ ਅਜਿਹਾ ਕਰਨ ਦਾ ਵਾਅਦਾ ਕੀਤਾ ਹੈ।
