ਸੈਨੇਟਰ ਕੈਲੀ ਲੋਫਲਰ ਕੋਵਿਡ-19 ਟੈਸਟਾਂ ਤੋਂ ਬਾਅਦ ਹੋਈ ਇਕਾਂਤਵਾਸ
Monday, Nov 23, 2020 - 11:42 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਦੀ ਸੈਨੇਟਰ ਕੈਲੀ ਲੋਫਲਰ ਵਲੋਂ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਅਮਰੀਕਾ ਦੇ ਸੈਨੇਟਰ ਡੇਵਿਡ ਪਰਡਿਊ ਨਾਲ ਸੂਬੇ ਦੀ ਸੈਨੇਟ ਦੀ ਚੋਣ ਪ੍ਰਚਾਰ ਵਿਚ ਹਿੱਸਾ ਲੈਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਗਏ, ਜਿਸ ਵਿਚ ਇਸ ਦੀ ਲਾਗ ਦੇ ਮਿਸ਼ਰਤ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਉਹ ਇਕਾਂਤਵਾਸ ਹੋ ਗਈ ਹੈ।
ਉਸ ਦੀ ਮੁਹਿੰਮ ਦੇ ਇਕ ਬੁਲਾਰੇ ਨੇ ਸ਼ਨੀਵਾਰ ਰਾਤ ਇਕ ਬਿਆਨ ਵਿਚ ਕਿਹਾ ਕਿ ਇਸ ਜਾਰਜੀਆ ਰੀਪਬਲੀਕਨ ਨੇ ਸ਼ੁੱਕਰਵਾਰ ਸਵੇਰੇ ਦੋ ਰੇਪਿਡ ਕੋਵਿਡ ਟੈਸਟ ਕਰਵਾਏ ਜੋ ਕਿ ਨੈਗੇਟਿਵ ਸਨ ਜਦਕਿ ਸ਼ੁੱਕਰਵਾਰ ਸ਼ਾਮ ਇਕ ਹੋਰ ਵਾਇਰਸ ਸੰਬੰਧੀ ਟੈਸਟ ਦਾ ਨਤੀਜਾ ਪਾਜ਼ੀਟਿਵ ਮਿਲਿਆ। ਇਸ ਤੋਂ ਬਾਅਦ ਸੈਨੇਟਰ ਲੋਫਲਰ ਨੇ ਸ਼ਨੀਵਾਰ ਸਵੇਰੇ ਦੁਬਾਰਾ ਫਿਰ ਕੋਵਿਡ ਟੈਸਟ ਕੀਤਾ ਜਿਸ ਦਾ ਨਤੀਜਾ ਸਪੱਸ਼ਟ ਨਹੀਂ ਸੀ।
ਇਸ ਦੇ ਬਾਵਜੂਦ ਸੈਨੇਟਰ ਨੇ ਵਾਇਰਸ ਦਾ ਕੋਈ ਲੱਛਣ ਮਹਿਸੂਸ ਨਹੀਂ ਕੀਤਾ ਪਰ ਇਕ ਬਿਆਨ ਅਨੁਸਾਰ ਲੋਫਲਰ ਸੀ. ਡੀ. ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਕਾਂਤਵਾਸ ਵਿਚ ਹੈ। ਲੋਫਲਰ ਵਲੋਂ ਹਾਲ ਹੀ ਦੇ ਹਫਤਿਆਂ ਵਿਚ ਕਈ ਰੈਲੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਆਏ ਹੋਏ ਲੋਕਾਂ ਨੇ ਮਾਸਕ ਨਹੀਂ ਪਹਿਨੇ ਸਨ। ਇਸ ਤੋਂ ਇਲਾਵਾ ਲੋਫਲਰ 5 ਜਨਵਰੀ ਨੂੰ ਹੋਣ ਵਾਲੀ ਚੋਣ ਵਿਚ ਡੈਮੋਕਰੇਟ ਰਾਫੇਲ ਵਾਰਨੌਕ ਦਾ ਸਾਹਮਣਾ ਕਰ ਰਹੀ ਹੈ, ਜੋ ਕਿ ਸੈਨੇਟ ਵਿਚ ਪਾਰਟੀ ਦੇ ਕੰਟਰੋਲ ਬਾਰੇ ਅਹਿਮ ਹੈ ਪਰ ਹੁਣ ਲੋਫਲਰ ਦੀ ਮੁਹਿੰਮ ਉੱਪਰ ਵਾਇਰਸ ਦੇ ਟੈਸਟਾਂ ਦਾ ਕੀ ਪ੍ਰਭਾਵ ਪਵੇਗਾ, ਇਸ ਬਾਰੇ ਕੁੱਝ ਸ਼ਪੱਸ਼ਟ ਨਹੀਂ ਹੈ। ਸੈਨੇਟਰ ਲੋਫਲਰ ਦੇ ਦੋ ਸਟਾਫ਼ ਮੈਂਬਰਾਂ ਨੇ ਵੀ ਪਿਛਲੇ ਮਹੀਨੇ COVID-19 ਲਈ ਸਕਾਰਾਤਮਕ ਟੈਸਟ ਕੀਤਾ ਸੀ ਅਤੇ ਉਸ ਸਮੇਂ ਲੋਫਲਰ ਦਾ ਟੈਸਟ ਨਕਾਰਾਤਮਕ ਆਇਆ ਸੀ।