ਸਕੌਟ ਮੌਰੀਸਨ ਨੇ ਪੈਂਸ ਅਤੇ ਪੋਂਪਿਓ ਨਾਲ ਕੀਤੀ ਗੱਲਬਾਤ, ਟਰੰਪ ਨੂੰ ਕੀਤਾ ਨਜ਼ਰ ਅੰਦਾਜ਼
Tuesday, Jan 19, 2021 - 06:04 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅੱਜ ਤੋਂ ਆਪਣਾ ਚਾਰ ਦਿਨਾਂ ਦਾ ਕੁਈਨਜ਼ਲੈਂਡ ਦੌਰਾ ਸ਼ੁਰੂ ਕਰ ਰਹੇ ਹਨ। ਇਸ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਉਚੇਚੇ ਤੌਰ 'ਤੇ ਅਮਰੀਕਾ ਦੀਆਂ ਦੋ ਪ੍ਰਮੁੱਖ ਹਸਤੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਪਰ ਚੋਣਾਂ ਹਾਰ ਚੁੱਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਜ਼ਰ ਅੰਦਾਜ਼ ਕੀਤਾ। ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਉਨ੍ਹਾਂ ਨੇ ਲਾਂਗਰੀਚ ਏਅਰਪੋਰਟ 'ਤੇ ਰਾਇਲ ਆਸਟ੍ਰੇਲੀਆਈ ਏਅਰਫੋਰਸ ਦੇ ਜੈਟ ਵਿੱਚੋਂ ਕੀਤੀ। ਜਦੋਂ ਕਿ ਬੀਤੀ ਰਾਤ ਨੂੰ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਜ ਸਕੱਤਰ ਮਾਈਕ ਪੋਂਪਿਓ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ਦੀਆਂ ਇਹ ਦੋਵੇਂ ਰਾਜਨੀਤਕ ਹਸਤੀਆਂ, 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੁੱਖ ਉਮੀਦਵਾਰ ਹੋ ਸਕਦੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨੇ ਬੀਤੇ ਸਾਲ ਨਵੰਬਰ ਦੇ ਮਹੀਨੇ ਤੋਂ ਹੀ ਟਰੰਪ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ, ਜਦੋਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਆਪਣੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਪੈਂਸ ਨੂੰ ਬੀਤੇ ਚਾਰ ਸਾਲਾਂ ਦੌਰਾਨ ਆਪਸੀ ਮੇਲ ਮਿਲਾਪ ਨਾਲ ਜਿਹੜੇ ਵੀ ਉਸਾਰੂ ਕੰਮ ਕੀਤੇ, ਉਨ੍ਹਾਂ ਲਈ ਇੱਕ ਦੂਸਰੇ ਦਾ ਧੰਨਵਾਦ ਕੀਤਾ। ਇਹ ਧੰਨਵਾਦ ਖਾਸ ਕਰਕੇ ਇੰਡੋ-ਪੈਸਿਫਿਕ ਖੇਤਰ ਵਿਚ ਹੋਏ ਕੰਮਾਂ ਕਾਰਨ ਵੀ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਤਿਆਰ ਕੀਤੀ ਸੁਪਰ ਹਾਈ-ਸਪੀਡ ਟਰੇਨ, ਇਕ ਘੰਟੇ 'ਚ ਤੈਅ ਕਰਦੀ ਹੈ 620 ਕਿਲੋਮੀਟਰ
ਪੋਂਪਿਓ ਨਾਲ ਗੱਲਬਾਤ ਦੌਰਾਨ ਦੋਹਾਂ ਨੇ ਹੀ ਕਿਹਾ ਕਿ ਅਮਰੀਕਾ ਅਤੇ ਆਸਟ੍ਰੇਲੀਆਈ ਰਿਸ਼ਤੇ ਅਟੁੱਟ ਹਨ ਅਤੇ ਇਹ ਦੋਵੇਂ ਦੇਸ਼ ਭਵਿੱਖ ਵਿਚ ਵੀ ਕੰਮ ਕਰਦੇ ਰਹਿਣਗੇ। ਦੋਹਾਂ ਨੇ ਕਵਾਡ ਸੰਧੀ ਦੀ ਮਹੱਤਤਾ ਬਾਰੇ ਵੀ ਗੱਲਬਾਤ ਕੀਤੀ ਜਿਸ ਵਿਚ ਕਿ ਅਮਰੀਕਾ, ਆਸਟ੍ਰੇਲੀਆ, ਜਪਾਨ ਅਤੇ ਭਾਰਤ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਤੋਂ ਕੁਈਨਜ਼ਲੈਂਡ ਦੇ ਚਾਰ ਦਿਨਾਂ ਦੇ ਦੌਰੇ 'ਤੇ ਹਨ ਅਤੇ ਸ਼ੁੱਕਰਵਾਰ ਨੂੰ ਉਥੋਂ ਵਾਪਸੀ ਕਰਨਗੇ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।