ਰਾਹਤ ਦੀ ਖ਼ਬਰ : ਆਸਟ੍ਰੇਲੀਆ ਬਣਿਆ ਕੋਰੋਨਾ ਮੁਕਤ ਦੇਸ਼, ਇਜ਼ਰਾਈਲ ''ਚ ਖੁੱਲ੍ਹੇ ਸਕੂਲ-ਕਾਲਜ
Monday, Apr 19, 2021 - 06:15 PM (IST)
ਸਿਡਨੀ/ਤੇਲ ਅਵੀਵ (ਬਿਊਰੋ): ਗਲੋਬਲ ਪੱਧਰ 'ਤੇ ਜਾਰੀ ਕੋਰੋਨਾ ਦੇ ਕਹਿਰ ਵਿਚ ਇਜ਼ਰਾਈਲ ਅਤੇ ਆਸਟ੍ਰੇਲੀਆ ਤੋਂ ਚੰਗੀ ਖ਼ਬਰ ਆਈ ਹੈ। ਇਜ਼ਰਾਈਲ ਨੇ ਖੁੱਲ੍ਹੇ ਖੇਤਰਾਂ ਵਿਚ ਮਾਸਕ ਪਾਉਣ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। ਉੱਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਦਾ ਦੇਸ਼ ਲੱਗਭਗ ਕੋਰੋਨਾ ਮੁਕਤ ਹੋ ਗਿਆ ਹੈ।
ਇਜ਼ਰਾਈਲ ਵਿਚ ਖੁੱਲ੍ਹੇ ਸਕੂਲ-ਕਾਲਜ
ਇਜ਼ਰਾਈਲ ਵਿਚ ਸਾਰੇ ਸਕੂਲ-ਕਾਲਜ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ। ਇੱਥੇ ਵਿਆਪਕ ਪੱਧਰ 'ਤੇ ਵੈਕਸੀਨ ਮੁਹਿੰਮ ਚਲਾਉਣ ਦੇ ਬਾਅਦ ਰਾਹਤ ਮਿਲੀ ਹੈ। ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਉਹ ਮਈ ਤੋਂ ਸੈਲਾਨੀਆਂ ਲਈ ਦੇਸ਼ ਨੂੰ ਖੋਲ੍ਹ ਦੇਵੇਗਾ। ਇਨਡੋਰ ਜਨਤਕ ਸਥਾਨਾਂ 'ਤੇ ਮਾਸਕ ਲਗਾਉਣਾ ਪਵੇਗਾ। ਇੱਥੇ ਹੁਣ ਸਿਰਫ 200 ਕੋਰੋਨਾ ਪੀੜਤ ਰਹਿ ਗਏ ਹਨ।
ਆਸਟ੍ਰੇਲੀਆਈ ਪੀ.ਐੱਮ. ਨੇ ਦੇਸ਼ ਦੇ ਕੋਰੋਨਾ ਮੁਕਤ ਹੋਣ ਦੀ ਕੀਤੀ ਘੋਸ਼ਣਾ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਲੱਗਭਗ ਕੋਰੋਨਾ ਮੁਕਤ ਹੋ ਗਿਆ ਹੈ। ਇਸ ਦੇ ਬਾਵਜੂਦ ਅਸੀਂ ਆਪਣੇ ਬਾਰਡਰਾਂ ਨੂੰ ਖੋਲ੍ਹਣ ਵਿਚ ਜਲਦਬਾਜ਼ੀ ਨਹੀਂ ਕਰਾਂਗੇ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਮਾਰਚ 2020 ਵਿਚ ਆਪਣੀਆਂ ਸਰਹੱਦਾਂ ਨੂੰ ਸਾਰੇ ਗੈਰ ਨਾਗਰਿਕਾਂ ਅਤੇ ਗੈਰ ਵਸਨੀਕਾਂ ਲਈ ਬੰਦ ਕਰ ਦਿੱਤਾ ਸੀ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਸਿਰਫ ਸੀਮਤ ਅੰਤਰਰਾਸ਼ਟਰੀ ਆਮਦ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ 116 ਸਾਲਾਂ ਬਜ਼ੁਰਗ ਮਹਿਲਾ ਹੇਸਟਰ ਫੋਰਡ ਦੀ ਹੋਈ ਮੌਤ
ਮੌਰੀਸਨ ਮੁਤਾਬਕ ਸਰਹੱਦੀ ਬੰਦ, ਸਨੈਪ ਤਾਲਾਬੰਦੀ, ਤੇਜ਼ ਸੰਪਰਕ ਟਰੈਕਿੰਗ ਅਤੇ ਸਿਹਤ ਉਪਾਵਾਂ ਦੀ ਉੱਚ ਕਮਿਊਨਿਟੀ ਦੀ ਪਾਲਣਾ ਨੇ ਆਸਟ੍ਰੇਲੀਆ ਨੂੰ ਮਹਾਮਾਰੀ ਨੂੰ ਰੋਕਣ ਵਿਚ ਵਿਸ਼ਵ ਦੇ ਸਭ ਤੋਂ ਸਫਲ ਦੇਸ਼ਾਂ ਵਿਚ ਸ਼ਾਮਲ ਕੀਤਾ ਹੈ। ਇਹਨਾਂ ਉਪਾਵਾਂ ਨੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ 29,500 ਤੋਂ ਘੱਟ ਅਤੇ 910 ਮੌਤਾਂ ਤੱਕ ਸੀਮਤ ਕਰ ਦਿੱਤਾ ਹੈ।
ਬਾਕੀ ਦੇਸ਼ਾਂ ਦੀ ਸਥਿਤੀ
ਪਾਕਿਸਤਾਨ ਵਿਚ ਐਤਵਾਰ ਨੂੰ ਰਿਕਾਰਡ 6 ਹਜ਼ਾਰ ਤੋਂ ਵੱਧ ਨਵੇਂ ਪੀੜਤ ਮਿਲੇ। ਬ੍ਰਾਜ਼ੀਲ ਵਿਚ ਰੋਜ਼ 3 ਹਜ਼ਾਰ ਦੇ ਕਰੀਬ ਮੌਤ ਦਾ ਅੰਕੜਾ ਚੱਲ ਰਿਹਾ ਹੈ। ਐਤਵਾਰ ਨੂੰ ਵੀ 2929 ਮਰੀਜ਼ਾਂ ਦੀ ਮੌਤ ਹੋ ਗਈ। ਚੀਨ ਵਿਚ ਰੋਜ਼ਾਨਾ 15 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉੱਧਰ ਰੂਸ ਵਿਚ ਪਿਛਲੇ 24 ਘੰਟਿਆਂ ਵਿਚ 5632 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 389 ਮੌਤਾਂ ਹੋਈਆਂ ਹਨ।ਜਰਮਨੀ ਵਿਚ ਮੌਤ ਦਾ ਅੰਕੜਾ ਹੁਣ ਤੱਕ 80 ਹਜ਼ਾਰ ਹੈ। ਕੋਰੋਨਾ ਮਾਮਲਿਆਂ ਵਿਚ ਮੁੜ ਤੇਜ਼ੀ ਆਉਣ ਲੱਗੀ ਹੈ।
ਨੋਟ- ਆਸਟ੍ਰੇਲੀਆ ਬਣਿਆ ਕੋਰੋਨਾ ਮੁਕਤ ਦੇਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।