ਸਕਾਟਲੈਂਡ ਪੁਲਸ ਨੇ ਗਸ਼ਤ ਦੌਰਾਨ ਜ਼ਬਤ ਕੀਤੇ ਲੱਖਾਂ ਪੌਂਡ ਦੇ ਨਸ਼ੀਲੇ ਪਦਾਰਥ
Monday, Feb 08, 2021 - 02:14 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਪੁਲਸ ਨੇ ਸ਼ਨੀਵਾਰ ਦੇ ਦਿਨ ਰੋਜ਼ਾਨਾ ਦੀ ਗਸ਼ਤ ਦੌਰਾਨ ਕਾਰਵਾਈ ਕਰਦਿਆਂ ਲੱਖਾਂ ਪੌਂਡ ਦੀ ਭੰਗ ਜ਼ਬਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਕਾਰਵਾਈ ਵਿਚ ਪੁਲਸ ਨੇ ਮੋਟਰਵੇਅ 74 'ਤੇ ਇਕ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਕੱਲ ਦੁਪਹਿਰ ਨੂੰ ਲਗਭਗ 2,10,000 ਪੌਂਡ ਦੇ ਨਸ਼ੀਲੇ ਪਦਾਰਥ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਭੰਗ ਸ਼ਾਮਲ ਸੀ, ਨੂੰ ਬਰਾਮਦ ਕਰਨ ਦੇ ਨਾਲ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਸਕਾਟਲੈਂਡ ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਮਫ੍ਰਾਈਜ਼ ਅਤੇ ਗੈਲੋਵੇ ਵਿਚ ਰੋਡ ਪੁਲਸ ਅਫਸਰਾਂ ਨੇ ਐੱਮ 74 'ਤੇ ਰੁਟੀਨ ਦੀ ਗਸ਼ਤ ਦੌਰਾਨ ਗਲਾਸਗੋ ਤੋਂ ਕਾਰਲਿਸ ਰੋਡ 'ਤੇ ਸ਼ਨੀਵਾਰ ਦੁਪਹਿਰ 1.30 ਵਜੇ ਇਕ ਬੀ. ਐੱਮ. ਡਬਲਯੂ ਅਤੇ ਮਰਸੀਡੀਜ਼ ਕਾਰ ਨੂੰ ਰੋਕਣ ਵਿਚ ਅਸਫ਼ਲ ਰਹਿਣ ਦੇ ਬਾਅਦ ਉਨ੍ਹਾਂ ਦਾ ਪਿੱਛਾ ਕੀਤਾ।
ਇਸ ਦੇ ਬਾਅਦ ਲਾਕਰਬੀ ਹਾਈ ਸਟ੍ਰੀਟ ਦੇ ਕੋਲ ਮਰਸੀਡੀਜ਼ ਕਾਰ ਵਿਚਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਦਕਿ ਬੀ. ਐੱਮ. ਡਬਲਯੂ ਨੂੰ ਹਾਸ ਫਾਰਮ ਦੇ ਨਜ਼ਦੀਕ ਇਕ ਖੇਤ ਵਿਚ ਛੱਡ ਦਿੱਤਾ ਗਿਆ ਸੀ ਅਤੇ ਇਸ ਦੇ 28 ਸਾਲਾਂ ਚਾਲਕ ਨੂੰ ਥੋੜ੍ਹੀ ਦੇਰ ਬਾਅਦ ਹਿਰਾਸਤ ਵਿਚ ਲੈ ਕੇ ਉਸ ਉੱਤੇ ਨਸ਼ਿਆਂ ਅਤੇ ਸੜਕੀ ਟ੍ਰੈਫਿਕ ਅਪਰਾਧ ਦੇ ਦੋਸ਼ ਲਗਾਏ ਗਏ ਹਨ ਅਤੇ ਉਸ ਦੇ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ। ਮਰਸੀਡੀਜ਼ ਵਿਚਲੇ ਦੋਵਾਂ ਸਵਾਰਾਂ ਨੂੰ ਗ੍ਰਿਫਤਾਰ ਕਰ ਲੈਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ ਜਦਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਬਾਕੀ ਹੈ।