ਕੀਰ ਸਟਾਰਮਰ ਨੇ ਅਨਸ ਸਰਵਰ ਦੀ 170,000 ਨੌਕਰੀਆਂ ਪੈਦਾ ਕਰਨ ਦੀ ਰਣਨੀਤੀ ਦਾ ਕੀਤਾ ਸਮਰਥਨ

Friday, Apr 16, 2021 - 11:53 AM (IST)

ਕੀਰ ਸਟਾਰਮਰ ਨੇ ਅਨਸ ਸਰਵਰ ਦੀ 170,000 ਨੌਕਰੀਆਂ ਪੈਦਾ ਕਰਨ ਦੀ ਰਣਨੀਤੀ ਦਾ ਕੀਤਾ ਸਮਰਥਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਲੁਭਾਉਣ ਲਈ ਆਪੋ-ਆਪਣੇ ਵਾਅਦੇ ਕਰ ਰਹੀਆਂ ਹਨ। ਸਕਾਟਲੈਂਡ ਦੀ ਲੇਬਰ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸਕਾਟਲੈਂਡ ਵਿਚ ਨੌਕਰੀਆਂ ਦੀ ਰਿਕਵਰੀ ਦੀਆਂ ਯੋਜਨਾਵਾਂ ਘੱਟੋ-ਘੱਟ 170,000 ਨਵੀਆਂ ਅਸਾਮੀਆਂ ਪੈਦਾ ਕਰਨਗੀਆਂ ਅਤੇ ਪਾਰਟੀ ਦੇ ਲੀਡਰ ਅਨਸ ਸਰਵਰ ਦੀ ਇਸ ਰਣਨੀਤੀ ਨੂੰ ਪਾਰਟੀ ਦੇ ਯੂਕੇ ਨੇਤਾ ਕੀਰ ਸਟਾਰਮਰ ਦੁਆਰਾ ਸਮਰਥਨ ਦਿੱਤਾ ਗਿਆ ਹੈ।

ਸਕਾਟਿਸ਼ ਲੇਬਰ ਦੀ ਹੋਲੀਰੂਡ ਮੁਹਿੰਮ ਇਕ ਰਾਸ਼ਟਰੀ ਰਿਕਵਰੀ ਯੋਜਨਾ ਤਿਆਰ ਕਰਨ ਦੇ ਆਲੇ-ਦੁਆਲੇ ਕੇਂਦਰਿਤ ਹੈ ਜਿਸ ਵਿਚ ਨੌਕਰੀਆਂ, ਐੱਨ. ਐੱਚ. ਐੱਸ, ਸਿੱਖਿਆ, ਜਲਵਾਯੂ ਸੰਕਟ ਅਤੇ ਭਾਈਚਾਰੇ ਸ਼ਾਮਲ ਹਨ। ਪਿਛਲੇ ਹਫ਼ਤੇ ਪਾਰਟੀ ਨੇ ਆਪਣੀ 1.2 ਬਿਲੀਅਨ ਪੌਂਡ ਦੀਆਂ ਨੌਕਰੀਆਂ ਦੀ ਰਿਕਵਰੀ ਯੋਜਨਾ ਦਾ ਖੁਲਾਸਾ ਕੀਤਾ ਸੀ, ਜਿਸ ਨੂੰ ਹੁਣ ਯੂਕੇ ਲੇਬਰ ਲੀਡਰ, ਕੀਰ ਸਟਾਰਮਰ ਤੋਂ ਹੁੰਗਾਰਾ ਮਿਲਿਆ ਹੈ। ਸਟਾਰਮਰ ਨੇ ਸਕਾਟਲੈਂਡ ਵਿਚ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਨੂੰ ਰੋਕਣ ਲਈ ਬਲੂਪ੍ਰਿੰਟ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਨਿਕੋਲਾ ਸਟਰਜਨ ਅਤੇ ਬੋਰਿਸ ਜੌਹਨਸਨ ਦੀ ਅਲੋਚਨਾ ਕੀਤੀ ਹੈ ਕਿ ਉਹ ਨੌਕਰੀਆਂ ਦੀ ਰੱਖਿਆ ਲਈ ਵੱਡੇ ਯਤਨ ਨਹੀਂ ਕਰ ਰਹੇ ਹਨ।

ਲੇਬਰ ਪਾਰਟੀ ਨੇ ਖੁਲਾਸਾ ਕੀਤਾ ਹੈ ਕਿ ਜੇ ਉਹਨਾਂ ਦੀ ਯੋਜਨਾ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਨੌਕਰੀਆਂ ਦਾ ਰਿਕਵਰੀ ਪ੍ਰੋਗਰਾਮ ਘੱਟੋ-ਘੱਟ 170,000  ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਜਨਤਕ ਖੇਤਰ ਦੇ ਪੇਸ਼ਿਆਂ ਲਈ ਸਿਖਲਾਈ ਨੀਤੀ ਵਿਚ ਵੀ 25,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਲੇਬਰ ਦੀ 'ਜੋਬਜ਼ ਫਾਰ ਰਿਕਵਰੀ' ਦੀ ਗਰੰਟੀ ਦੇ ਤਹਿਤ, ਹਰ ਨੌਜਵਾਨ ਅਤੇ ਸਕਾਟ ਜਿਸ ਨੇ ਕੰਮ ਲੱਭਣ ਲਈ ਸੰਘਰਸ਼ ਕੀਤਾ ਹੈ, ਨੂੰ ਘੱਟੋ-ਘੱਟ ਛੇ ਮਹੀਨਿਆਂ ਲਈ ਨੌਕਰੀ ਦੀ ਗਰੰਟੀ ਦਿੱਤੀ ਗਈ ਹੈ। ਰਾਸ਼ਟਰੀ ਅੰਕੜਾ ਦਫਤਰ ਦੇ ਚੇਤਾਵਨੀ ਦੇਣ ਤੋਂ ਬਾਅਦ ਲੇਬਰ ਪਾਰਟੀ ਨੇ ਆਪਣੀਆਂ ਯੋਜਨਾਵਾਂ ਨੂੰ ਅੱਗੇ ਲਿਆਂਦਾ ਹੈ ਕਿਉਂਕਿ ਮਾਰਚ ਅਤੇ ਮਈ ਦੇ ਵਿਚਕਾਰ ਸਕਾਟਲੈਂਡ ਵਿਚ ਬੇਰੁਜ਼ਗਾਰੀ ਵਧ ਕੇ 4.3 ਪ੍ਰਤੀਸ਼ਤ ਹੋ ਗਈ ਹੈ।


author

cherry

Content Editor

Related News