ਹੋਟਲ ਕੁਆਰੰਟੀਨ ਤੋਂ ਬਚਣ ਲਈ ਇੰਗਲੈਂਡ ਦੇ ਰਸਤੇ ਵਾਪਸ ਆ ਰਹੇ ਹਨ ਹਜ਼ਾਰਾਂ ਸਕਾਟਿਸ਼
Sunday, Mar 14, 2021 - 04:12 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਕੀਤੇ ਗਏ ਸਖ਼ਤ ਹੋਟਲ ਕੁਆਰੰਟੀਨ ਨਿਯਮਾਂ ਤੋਂ ਬਚਣ ਲਈ ਹਜ਼ਾਰਾਂ ਸਕਾਟਿਸ਼ ਇੰਗਲੈਂਡ ਦੇ ਰਸਤੇ ਵਿਦੇਸ਼ਾਂ ਤੋਂ ਵਾਪਸ ਆਪਣੇ ਘਰ ਜਾ ਰਹੇ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਤਾਂ ਸਿਰਫ 33 ਮੁਲਕਾਂ ਨੂੰ ਰੈੱਡ ਲਿਸਟ ਵਾਲੇ ਐਲਾਨ ਕੇ ਉਨ੍ਹਾਂ ਮੁਲਕਾਂ 'ਚੋਂ ਆਉਣ ਵਾਲੇ ਯਾਤਰੀਆਂ ਨੂੰ 10 ਦਿਨ ਦੇ ਇਕਾਂਤਵਾਸ ਲਈ ਕਿਹਾ ਸੀ ਪਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਹੁਕਮਾਂ ਅਨੁਸਾਰ ਦੁਨੀਆਂ ਦੇ ਕਿਸੇ ਵੀ ਮੁਲਕ 'ਚੋਂ ਸਕਾਟਲੈਂਡ ਆਉਣ ਵਾਲੇ ਹਰ ਯਾਤਰੀ ਨੂੰ ਇਕਾਂਤਵਾਸ ਕਰਨਾ ਪਵੇਗਾ।
ਇਸ ਇਕਾਂਤਵਾਸ ਲਈ ਹਰ ਕਿਸੇ ਨੂੰ 1750 ਪੌਂਡ ਵੀ ਅਦਾ ਕਰਨੇ ਹੋਣਗੇ। ਪਿਛਲੇ ਮਹੀਨੇ ਇਹ ਨਵੇਂ ਨਿਯਮ ਲਾਗੂ ਹੋਣ ਦੇ ਬਾਅਦ ਸਕਾਟਲੈਂਡ ਵਿੱਚ ਸਿੱਧੇ ਤੌਰ 'ਤੇ ਪਹੁੰਚਣ ਦੀ ਬਜਾਏ ਯੂਕੇ ਦੇ ਹੋਰ ਹਿੱਸਿਆਂ ਤੋਂ ਆਉਣ ਵਾਲਾ ਅਨੁਪਾਤ ਲੱਗਭਗ ਦੁੱਗਣਾ ਹੋ ਗਿਆ ਹੈ। ਐਮ ਐਸ ਪੀ ਕੋਲਿਨ ਸਮਿੱਥ ਅਨੁਸਾਰ ਲੋਕ ਕੋਵਿਡ ਕਾਨੂੰਨ ਤੋਂ ਬਚਣ ਲਈ ਹੋਰ ਬਦਲਾਂ ਦੀ ਵਰਤੋਂ ਕਰ ਰਹੇ ਹਨ। 15 ਫਰਵਰੀ ਨੂੰ ਲਾਗੂ ਕੀਤੇ ਗਏ ਸਕਾਟਲੈਂਡ ਦੇ ਨਿਯਮਾਂ ਦੇ ਤਹਿਤ, ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਦਸ ਦਿਨਾਂ ਲਈ ਇਕ ਹੋਟਲ ਵਿਚ ਇਕਾਂਤਵਾਸ ਹੋਣਾ ਜ਼ਰੂਰੀ ਹੈ ਪਰ ਇੰਗਲੈਂਡ ਵਿਚ, ਇਹ ਕਦਮ ਸਿਰਫ਼ “ਲਾਲ ਸੂਚੀ” ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਹੀ ਜ਼ਰੂਰੀ ਹੈ। ਇਸ ਸੰਬੰਧੀ ਸਕਾਟਲੈਂਡ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਦੇ ਪਹਿਲੇ ਹਫਤੇ ਵਿਦੇਸ਼ਾਂ ਤੋਂ ਆਏ 14,432 ਯਾਤਰੀਆਂ ਵਿਚੋਂ ਸਿਰਫ 27 ਪ੍ਰਤੀਸ਼ਤ ਨੇ ਇੰਗਲੈਂਡ ਰਾਹੀਂ ਹਵਾਈ ਯਾਤਰਾ ਕੀਤੀ ਜਦਕਿ ਹੋਟਲ ਕੁਆਰੰਟੀਨ ਨਿਯਮ ਦੇ ਪਹਿਲੇ ਹਫਤੇ 80 ਫ਼ੀਸਦੀ ਲੋਕ ਇੰਗਲੈਂਡ ਦੇ ਹਵਾਈ ਅੱਡਿਆਂ ਰਾਹੀਂ ਆਏ ਹਨ। ਇਸਦੇ ਇਲਾਵਾ 2,510 ਲੋਕਾਂ ਵਿਚੋਂ ਸਿਰਫ 20 ਫ਼ੀਸਦੀ ਸਿੱਧੇ ਸਕਾਟਲੈਂਡ ਵਿੱਚ ਆਏ ਹਨ ਅਤੇ 22 ਫਰਵਰੀ ਤੋਂ ਸ਼ੁਰੂ ਹੋਏ ਹਫਤੇ ਦੇ ਅੰਕੜਿਆਂ ਅਨੁਸਾਰ 2,930 ਯਾਤਰੀਆਂ ਵਿਚੋਂ 78 ਫ਼ੀਸਦੀ ਸਕਾਟਲੈਂਡ ਵਿਚ ਅਸਿੱਧੇ ਰਾਸਤੇ ਆਏ ਹਨ।